ਬਟਾਲਾ (ਮਠਾਰੂ)— ਕੇਂਦਰ ਸਰਕਾਰ ਨੂੰ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਦੇ ਦੁੱਖ ਨੂੰ ਸਮਝਦਿਆਂ ਹਮਦਰਦੀ ਨਾਲ ਇੰਨ੍ਹਾਂ ਦੀਆਂ ਮੰਗਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸੋਮਵਾਰ ਨਵੀਂ ਦਿੱਲੀ 'ਚ ਇਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਅ੍ਰੰਮਿਤਸਰ ਤੋਂ ਸਾਂਸਦ ਸ: ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਇਨ੍ਹਾਂ ਦੇ ਜ਼ਖਮਾਂ 'ਤੇ ਮਲੱਮ ਲਗਾਏ ਪਰ ਕੇਂਦਰ ਸਰਕਾਰ ਇਨ੍ਹਾਂ ਦੀਆਂ ਸੰਵੇਦਨਾਵਾਂ ਨੂੰ ਸਮਝਨ ਦੀ ਬਜਾਏ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਲੂਣ ਛਿੱੜਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਰਿਵਾਰ ਕੇਂਦਰ ਸਰਕਾਰ ਨੂੰ ਮਿਲ ਕੇ ਆਪਣੀ ਆਪਬੀਤੀ ਦੱਸਣੀ ਚਾਹੁੰਦੇ ਹਨ ਤਾਂ ਅਜਿਹੇ 'ਚ 5 ਵਿਅਕਤੀ ਹੀ ਮਿਲਣ, ਆਊਣ ਅਜਿਹੀਆਂ ਸ਼ਰਤਾਂ ਲਗਾਉਣੀਆਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਐਤਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵੀ ਇਨ੍ਹਾਂ ਪੀੜਤ ਪਰਿਵਾਰਾਂ ਲਈ ਹਮਦਰਦੀ ਦੇ ਦੋ ਬੋਲ ਤੱਕ ਬੋਲਣੇ ਉਚਿਤ ਨਹੀਂ ਸਮਝੇ ਜਿਸ ਤੋਂ ਇਸ ਮੁੱਦੇ 'ਤੇ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾਂ ਦਾ ਪ੍ਰਗਟਾਵਾ ਹੁੰਦਾ ਹੈ। ਜਾਖੜ ਨੇ ਕਿਹਾ ਕਿ ਇਹ ਲੋਕ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਸਨ ਅਤੇ ਮਾਰੇ ਗਏ ਭਾਰਤੀਆਂ 'ਚ ਵੱਖ-ਵੱਖ ਰਾਜਾਂ ਦੇ ਵਸਿੰਦੇ ਸ਼ਾਮਲ ਹਨ। ਇਸ ਸਬੰਧੀ ਕੇਂਦਰ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਕਮਾਊ ਮੈਂਬਰ ਦੀ ਮੌਤ ਹੋ ਜਾਣ ਬਾਅਦ ਇਹ ਪਰਿਵਾਰ ਬਹੁਤ ਦੁਖੀ ਹਨ। ਜਾਖੜ ਨੇ ਕਿਹਾ ਕਿ ਜਿਸ ਦਿਨ ਵਿਦੇਸ਼ ਮੰਤਰੀ ਨੇ ਸਦਨ 'ਚ ਇਨ੍ਹਾਂ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ, ਚੰਗਾ ਹੁੰਦਾ ਮੋਦੀ ਸਰਕਾਰ ਉਸੇ ਦਿਨ ਹੀ ਇਨ੍ਹਾਂ ਦੀ ਮਦਦ ਦਾ ਵੀ ਐਲਾਨ ਕਰ ਦਿੰਦੀ ਤਾਂ ਜੋ ਇਨ੍ਹਾਂ ਨੂੰ ਦਿੱਲੀ ਤੱਕ ਚੱਲ ਕੇ ਨਾ ਆਉਣਾ ਪੈਂਦਾ ਪਰ ਦਿੱਲੀ ਦੀ ਅਸੰਵੇਦਨਸ਼ੀਲ ਸਰਕਾਰ ਅੱਜ ਇਨ੍ਹਾਂ ਪਰਿਵਾਰਾਂ ਨੂੰ ਦਿੱਲੀ 'ਚ ਬੁਲਾ ਕੇ ਵੀ ਇੰਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ ਜਦਕਿ ਲੋਕ ਸਭਾ 'ਚ ਅਜਿਹੇ ਮੁੱਦੇ ਨਾ ਉੱਠ ਸਕਨ ਇਸ ਲਈ ਕੇਂਦਰ ਸਰਕਾਰ ਸਦਨ ਵੀ ਨਹੀਂ ਚੱਲਣ ਦੇ ਰਹੀ ਹੈ।
ਜਾਖੜ ਨੇ ਕਿਹਾ ਕਿ ਜੇਕਰ ਇਨ੍ਹਾਂ ਪਰਿਵਾਰਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਨ੍ਹਾਂ ਪਰਿਵਾਰਾਂ ਸਮੇਤ ਸਦਨ ਪਰਿਸਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਸਰਕਾਰ ਖਿਲਾਫ ਪ੍ਰਦਰਸ਼ਨ ਕਰਣਗੇ। ਜਾਖੜ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤੀ ਦੂਤਵਾਸਾਂ ਨੂੰ ਚਾਹੀਦਾ ਹੈ ਕਿ ਉਥੇ ਕੰਮ ਲਈ ਗਏ ਭਾਰਤੀਆਂ ਦਾ ਉਚਿਤ ਮਾਰਗਦਰਸ਼ਨ ਕੀਤਾ ਜਾਵੇ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਅਜਿਹੀਆਂ ਮਾਰੂ ਘਟਨਾਵਾਂ ਦਾ ਸ਼ਿਕਾਰ ਨਾ ਬਣਨ ਅਤੇ ਨਾਲ ਹੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇੰਨ੍ਹਾਂ ਪਰਿਵਾਰਾਂ ਨਾਲ ਡੱਟ ਕੇ ਖੜੀ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਪਤੀ ਤੇ ਸੱਸ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
NEXT STORY