ਸੁਲਤਾਨਪੁਰ ਲੋਧੀ (ਧੀਰ)— 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸਿੱਜਦਾ ਕਰਨ ਲਈ ਜਿੱਥੇ ਲੱਖਾਂ ਦੀ ਤਦਾਦ 'ਚ ਸੰਗਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਵੱਲ ਵਹੀਰਾਂ ਘੱਤ ਰਹੀ ਹੈ, ਉਥੇ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲੋਂ ਚਿੱਤਰਾਂ ਅਤੇ ਸੁੰਦਰ ਲਿਖਾਈ ਨਮੁਨਿਆਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਅਪਨਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ. ਐੱਸ. ਆਈ. ਈ. ਸੀ.) ਵੱਲੋਂ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਨੇੜੇ ਲਾਈ ਗਈ ਪ੍ਰਦਰਸ਼ਨੀ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਵੱਲੋਂ ਤਿਆਰ ਚਿੱਤਰਾਂ ਅਤੇ ਸੁੰਦਰ ਲਿਖਾਈ ਨਮੂਨਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ 'ਚ ਵਿਦਿਆਰਥੀਆਂ ਜਿੱਥੇ ਵਿਦਿਆਰਥੀਆਂ ਨੇ ਰੰਗਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਹੈ, ਉਥੇ ਸੁੰਦਰ ਲਿਖਾਈ ਰਾਹੀਂ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਅਤੇ ਫਲਸਫੇ 'ਤੇ ਝਾਤ ਪੁਆਈ ਹੈ।
ਜਣਕਾਰੀ ਦਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਹਰ ਸਾਲ ਜ਼ਿਲਾ, ਖੇਤਰ ਅਤੇ ਰਾਜ ਪੱਧਰ 'ਤੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਕਰਵਾਏ ਗਏ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ। 3 ਨਵੰਬਰ ਨੂੰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਤੂ ਵਿਦਿਆਰਥੀਆਂ ਵੱਲੋਂ ਬਣਾਏ ਤੇ ਮੁਕਾਬਲੇ ਵਿਚ ਨਿੱਤਰੇ ਚਿੱਤਰਾਂ ਅਤੇ ਸੁੰਦਰ ਲਿਖਾਈ ਨਮੂਨਿਆਂ ਨੂੰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਤਹਿਤ ਇਹ ਪ੍ਰਦਰਸ਼ਨੀ ਲਗਾਈ ਗਈ ਹੈ, ਜੋ ਕਿ 12 ਨਵੰਬਰ ਤਕ ਚੱਲੇਗੀ।

ਇਨ੍ਹਾਂ ਵਿਦਿਆਰਥੀਆਂ ਨੇ ਬਣਾਏ ਚਿੱਤਰ
ਪ੍ਰਦਰਸ਼ਨੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ਜ਼ਿਲਾ ਬਰਨਾਲਾ ਦੇ 11ਵੀਂ ਜਮਾਤ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਜਿਥੇ ਆਪਣੀ ਸੁੰਦਰ ਲਿਖਾਈ ਰਾਹੀਂ 'ਜਪੁਜੀ' ਸਾਹਿਬ ਦੀ ਮਹਾਨਤਾ ਨੂੰ ਬਿਆਨ ਕੀਤਾ ਗਿਆ ਹੈ, ਉਥੇ ਸਰਕਾਰੀ ਹਾਈ ਸਕੂਲ ਮੌੜਾਂ ਜ਼ਿਲਾ ਬਰਨਾਲਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਕੁਲਦੀਪ ਸਿੰਘ ਨੇ ਗੁਰੂ ਸਾਹਿਬ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ ਬੁਲੰਦ ਕੀਤੀ ਆਵਾਜ਼ ਨੂੰ ਆਪਣੀ ਕਲਮ ਰਾਹੀਂ ਉਭਾਰਿਆ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਵੱਲੋਂ ਰੰਗਾਂ ਰਾਹੀਂ ਗੁਰੂ ਸਾਹਿਬ ਦੇ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦੇ ਸਰਵਵਿਆਪੀ ਸਿਧਾਂਤ ਨੂੰ ਪੇਸ਼ ਕੀਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਬਣਾਏ ਗਏ ਪ੍ਰਦਰਸ਼ਨੀ ਦਾ ਸ਼ਿੰਗਾਰ ਬਣੇ ਚਿੱਤਰ ਵੀ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟ ਰਹੇ ਹਨ।
ਕਿਸੇ ਵੀ ਮੱਤ ਨੂੰ ਨਕਾਰੇ ਬਿਨਾਂ ਹੀ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ
NEXT STORY