ਭਵਾਨੀਗੜ੍ਹ, (ਅੱਤਰੀ)- ਅੱਜ ਪਟਿਆਲਾ ਰੋਡ 'ਤੇ ਆਬਾਦੀ ਦੇ ਨੇੜੇ ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਲਗਭਗ 6 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਤੇ ਭਗਵੰਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਬਿਜਲੀ ਮਹਿਕਮੇ ਵੱਲੋਂ ਖੇਤਾਂ ਦੀਆਂ ਮੋਟਰਾਂ ਲਈ ਪਹਿਲੀ ਵਾਰ ਦਿਨ 'ਚ ਹੀ ਬਿਜਲੀ ਛੱਡੀ ਗਈ ਤਾਂ ਸੁਖਵਿੰਦਰ ਸਿੰਘ ਦੇ ਖੇਤਾਂ 'ਚ ਲੱਗੇ ਸਵਿੱਚ 'ਚ ਸਪਾਰਕਿੰਗ ਹੋਣ ਕਾਰਨ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜਿਸ ਨੂੰ ਬੜੀ ਮੁਸ਼ਕਲ ਨਾਲ ਨੇੜਲੇ ਘਰਾਂ ਤੇ ਖੇਤਾਂ ਦੇ ਕਿਸਾਨਾਂ ਨੇ ਟਰੈਕਟਰਾਂ ਤੇ ਸਪਰੇਅ ਪੰਪਾਂ ਨਾਲ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤਾ ਪਰ ਉਦੋਂ ਤੱਕ ਗੁਰਪ੍ਰੀਤ ਸਿੰਘ ਕੰਧੋਲਾ ਦੀ 4 ਏਕੜ ਤੇ ਭਗਵੰਤ ਸਿੰਘ ਦੀ ਕਰੀਬ 2 ਏਕੜ ਕਣਕ ਦਾ ਨਾੜ ਮੱਚ ਚੁੱਕਾ ਸੀ।
ਉਨ੍ਹਾਂ ਮਹਿਕਮੇ ਦੇ ਅਧਿਕਾਰੀਆਂ 'ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ 20 ਅਪ੍ਰੈਲ ਨੂੰ ਵੀ ਇਸ ਸਵਿੱਚ 'ਚੋਂ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ ਸੀ ਪਰ ਕਿਸਾਨਾਂ ਵੱਲੋਂ ਤੁਰੰਤ ਅੱਗ 'ਤੇ ਕੰਟਰੋਲ ਕਰ ਲਿਆ ਗਿਆ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ । ਉਸ ਸਮੇਂ ਬਿਜਲੀ ਮਹਿਕਮੇ ਦੇ ਮੁਲਾਜ਼ਮ ਮੌਕੇ 'ਤੇ ਹਾਜ਼ਰ ਸਨ ਪਰ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੇ ਉਕਤ ਸਮੱਸਿਆ ਨੂੰ ਹੱਲ ਕਰਨ ਵੱਲ ਉੱਕਾ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਦੁਬਾਰਾ ਅੱਗ ਲੱਗ ਗਈ ਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਸਰਕਾਰ ਤੋਂ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਅੱਗ ਬੁਝਣ ਤੋਂ ਬਾਅਦ ਮਹਿਕਮੇ ਦੇ ਜੀ. ਈ. ਮੁਲਾਜ਼ਮਾਂ ਸਮੇਤ ਸਵਿੱਚ ਦੀ ਚੈਕਿੰਗ ਕਰਨ ਲਈ ਪਹੁੰਚ ਗਏ ਸਨ।
ਕੀ ਕਹਿਣੈ ਹੈ ਐੱਸ. ਡੀ. ਓ. ਦਾ : ਇਸ ਸਬੰਧੀ ਐੱਸ. ਡੀ. ਓ. ਭਵਾਨੀਗੜ੍ਹ ਰਵੀ ਚੌਹਾਨ ਨੇ ਕਿਹਾ ਕਿ 20 ਤਰੀਕ ਵਾਲੀ ਘਟਨਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਪਰ ਉਹ ਉਕਤ ਸਵਿੱਚ ਦੀ ਮੁਰੰਮਤ ਕਰਵਾ ਦੇਣਗੇ।
ਦਹਾਕਿਆਂ ਤੋਂ ਨਹੀਂ ਹੋਈ ਕੁੱਤਿਆਂ ਦੀ ਨਸਬੰਦੀ
NEXT STORY