ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਹੋਈ ਪਈ ਹੈ। ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਬੱਚੇ ਅਤੇ ਬਜ਼ੁਰਗ ਹੀ ਨਹੀਂ, ਸਗੋਂ ਆਮ ਲੋਕ ਵੀ ਘਰਾਂ ਤੋਂ ਬਾਹਰ ਨਿਕਲਣ 'ਚ ਕਤਰਾਉਣ ਲੱਗੇ ਹਨ। ਸ਼ਹਿਰ ਦੀ ਸ਼ਾਇਦ ਅਜਿਹੀ ਕੋਈ ਹੀ ਗਲੀ ਹੋਵੇਗੀ, ਜਿਥੇ ਆਉਣ-ਜਾਣ ਵਾਲੇ ਲੋਕਾਂ ਦੇ ਸਵਾਗਤ ਲਈ ਖੂੰਖਾਰ ਕੁੱਤੇ ਨਾ ਮਿਲਦੇ ਹੋਣ। ਆਵਾਰਾ ਕੁੱਤਿਆਂ ਦੇ ਕੱਟਣ 'ਤੇ ਕਈ ਬੱਚਿਆਂ ਨੂੰ ਤਾਂ ਇਲਾਜ ਲਈ ਪੀ. ਜੀ. ਆਈ. ਤੱਕ ਲਿਜਾਣਾ ਪਿਆ ਹੈ। ਇਸ ਗੰਭੀਰ ਸਮੱਸਿਆ ਤੋਂ ਅਣਜਾਣ ਨਗਰ ਕੌਂਸਲ ਨਵਾਂਸ਼ਹਿਰ ਨੂੰ ਵੀ ਆਪਣੀ ਅਪ੍ਰੈਲ ਮਹੀਨੇ ਦੀ ਮਹੀਨਾਵਾਰ ਮੀਟਿੰਗ 'ਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਪ੍ਰਸ਼ਾਸਨ ਨੇ ਨਹੀਂ ਚੁੱਕੇ ਪੁਖਤਾ ਕਦਮ
ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਹਰ ਮੁਹੱਲੇ, ਗਲੀ 'ਚ ਆਵਾਰਾ ਅਤੇ ਖੂੰਖਾਰ ਕੁੱਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਕੁੱਤਿਆਂ ਦੀ ਨਸਬੰਦੀ ਨਾ ਹੋਣ ਕਾਰਨ ਵੀ ਕੁੱਤਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵੈਟਰਨਰੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਪਿਛਲੇ 3 ਦਹਾਕਿਆਂ ਤੋਂ ਇਸ ਜ਼ਿਲੇ ਵਿਚ ਡਿਊਟੀ ਕਰ ਰਿਹਾ ਹੈ ਪਰ ਇਸ ਦੌਰਾਨ ਜ਼ਿਲੇ ਵਿਚ ਕੁੱਤਿਆਂ ਦੀ ਨਸਬੰਦੀ ਹੋਣ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ।
ਰੋਜ਼ਾਨਾ ਸਿਵਲ ਹਸਪਤਾਲ 'ਚ ਆਉਂਦੇ ਹਨ ਕਰੀਬ 10 ਡੌਗ ਬਾਈਟ ਮਾਮਲੇ
ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਆਵਾਰਾ ਕੁੱਤਿਆਂ ਦੇ ਵਧਦੇ ਮਾਮਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਵਲ ਹਸਪਤਾਲ 'ਚ ਡੌਗ ਬਾਈਟ ਦੇ ਕਰੀਬ 10 ਮਾਮਲੇ ਰੋਜ਼ ਆ ਰਹੇ ਹਨ। ਇਸ ਸਬੰਧੀ ਜ਼ਿਲਾ ਐਪੀਡੀਮਾਲੋਜਿਸਟ ਡਾ. ਜਗਦੀਸ਼ ਨੇ ਦੱਸਿਆ ਕਿ ਸਾਲ 2017 'ਚ ਕਰੀਬ 3 ਹਜ਼ਾਰ ਡੌਗ ਬਾਈਟ ਦੇ ਮਾਮਲੇ ਸਾਹਮਣੇ ਆਏ ਸਨ। ਉਕਤ ਮਾਮਲਿਆਂ ਦੀ ਔਸਤ ਦੇ ਆਧਾਰ 'ਤੇ ਸਰਕਾਰੀ ਹਸਪਤਾਲ ਵਿਚ ਡੌਗ ਬਾਈਟ ਦੇ ਆਉਣ ਵਾਲੇ ਮਾਮਲਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਹਸਪਤਾਲ 'ਚ ਨਹੀਂ ਮਿਲਦੀ ਡੌਗ ਬਾਈਟ ਦੀ ਮੁਫ਼ਤ ਦਵਾਈ
ਆਮ ਤੌਰ 'ਤੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰ ਵੱਲੋਂ ਚਾਹੇ ਡੌਗ ਬਾਈਟ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕੀਤਾ ਜਾਂਦਾ ਹੈ ਪਰ ਬਾਵਜੂਦ ਇਸ ਦੇ ਡੌਗ ਬਾਈਟ ਦੇ ਸ਼ਿਕਾਰ ਲੋਕਾਂ ਨੂੰ ਬਾਜ਼ਾਰ ਤੋਂ ਮਹਿੰਗੇ ਭਾਅ 'ਤੇ ਟੀਕੇ ਖਰੀਦ ਕੇ ਲਵਾਉਣੇ ਪੈਂਦੇ ਹਨ। ਇਸ ਸਬੰਧੀ ਡਾ. ਜਗਦੀਸ਼ ਨੇ ਦੱਸਿਆ ਕਿ ਕੁਝ ਸਮੇਂ ਲਈ ਐਂਟੀ ਰੈਬਿਜ਼ ਦਵਾਈ ਦੀ ਸਮੱਸਿਆ ਪਿੱਛੇ ਤੋਂ ਸਪਲਾਈ ਨਾ ਹੋਣ ਕਾਰਨ ਆਈ ਸੀ ਪਰ ਹੁਣ ਹਾਲਾਤ ਬਿਲਕੁੱਲ ਠੀਕ ਹਨ ਤੇ ਹਸਪਤਾਲ 'ਚ ਐਂਟੀ ਰੈਬਿਜ਼ ਦੀ ਦਵਾਈ ਹਰ ਸਮੇਂ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਵੱਲੋਂ ਜ਼ਿਆਦਾ ਤੇਜ਼ ਦੰਦ ਲਾਉਣ ਨਾਲ ਕਈ ਮਰੀਜ਼ਾਂ ਨੂੰ ਐਂਟੀ ਰੈਬਿਜ਼ ਸੀਰਮ ਵੈਕਸੀਨ ਦੀ ਲੋੜ ਹੁੰਦੀ ਹੈ, ਜੋ ਹਸਪਤਾਲ 'ਚ ਉਪਲੱਬਧ ਨਹੀਂ ਹੈ ਅਤੇ ਅਜਿਹੇ ਮਾਮਲਿਆਂ 'ਚ ਪ੍ਰਾਈਵੇਟ ਤੌਰ 'ਤੇ ਸੀਰਮ ਖਰੀਦਣਾ ਹੁੰਦਾ ਹੈ ਅਤੇ ਮਰੀਜ਼ ਨੂੰ ਪੀ. ਜੀ. ਆਈ. ਜਾਣਾ ਪੈਂਦਾ ਹੈ।
ਜਥੇਬੰਦੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ
NEXT STORY