ਮਾਲੇਰਕੋਟਲਾ (ਜ਼ਹੂਰ) : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪਿਛਲੇ ਦਿਨੀਂ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰ ਦੀ ਨਿਗਰਾਨੀ ਹੇਠ ਕਰੀਬ 2186 ਪੋਲਿੰਗ ਸਟਾਫ਼ ਮੈਂਬਰਾਂ ਦੀ ਪਹਿਲੀ ਰਿਹਰਸਲ ਕਰਵਾਈ ਗਈ ਸੀ। ਪਹਿਲੀ ਰਿਹਰਸਲ ਦੌਰਾਨ ਕਰੀਬ 70 ਪੋਲਿੰਗ ਸਟਾਫ਼ ਮੈਂਬਰ ਗੈਰ-ਹਾਜ਼ਰ ਪਾਏ ਗਏ ਸਨ। ਗੈਰ-ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਖਤਿਆਰ ਕਰਦਿਆਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਸਨ, ਜਿਨ੍ਹਾਂ ’ਚੋਂ ਕਰੀਬ 36 ਨੇ ਅਜੇ ਤੱਕ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਸਬੰਧੀ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਰਿਟਰਨਿੰਗ ਅਫਸਰ ਰਾਜ ਪਾਲ ਸਿੰਘ ਨੇ ਦਿੱਤੀ। ਪਹਿਲੀ ਰਿਹਰਸਲ ਦੌਰਾਨ ਗੈਰ-ਹਾਜ਼ਰ ਚੋਣ ਅਮਲੇ ਖ਼ਿਲਾਫ਼ ਸਖ਼ਤ ਤਾੜਨਾ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਗੈਰ-ਹਾਜ਼ਰ ਪੋਲਿੰਗ ਸਟਾਫ ਮੈਂਬਰਾਂ ਨੇ ਅਜੇ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ, ਉਨ੍ਹਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਪੱਖ ਰੱਖ ਸਕਣ। ਉਹ ਮਿਤੀ 15 ਮਈ 2024 ਨੂੰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇ ਸਕਦੇ ਹਨ। ਜੇਕਰ ਫਿਰ ਵੀ ਕੌਈ ਪੋਲਿੰਗ ਸਟਾਫ਼ ਮੈਂਬਰ ਆਪਣਾ ਪੱਖ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤ ਅਨੁਸਾਰ ਸਖ਼ਤ ਕਾਰਵਾਈ ਆਰੰਭੀ ਜਾਵੇਗੀ।
12ਵੀਂ ਦੇ ਨਤੀਜਿਆਂ 'ਚ ਘੱਟ ਆਏ ਨੰਬਰ, ਅਚਾਨਕ ਘਰੋਂ ਲਾਪਤਾ ਹੋਇਆ ਪੁੱਤ, ਮਾਂ ਦਾ ਰੋ-ਰੋ ਬੁਰਾ ਹਾਲ
NEXT STORY