ਜਲੰਧਰ, (ਮ੍ਰਿਦੁਲ)- ਮੱਧ ਪ੍ਰਦੇਸ਼ ਵਿਚ ਸਰਫ ਦੇ ਟਰੱਕ ਵਿਚ ਚੂਰਾ-ਪੋਸਤ ਦੀਆਂ ਬੋਰੀਆਂ ਲੁਕੋ ਕੇ ਸ਼ਾਹਕੋਟ ਨਾਲ ਲੱਗਦੇ ਏਰੀਏ ਵਿਚ ਸਪਲਾਈ ਕਰਨ ਵਾਲੇ ਗੈਂਗ ਦਾ ਦਿਹਾਤੀ ਪੁਲਸ ਨੇ ਪਰਦਾਫਾਸ਼ ਕੀਤਾ ਹੈ।
ਪੁਲਸ ਨੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਚੂਰਾ-ਪੋਸਤ ਦੀਆਂ ਬੋਰੀਆਂ ਤੇ ਟਰੱਕ ਸਣੇ ਫੜਿਆ ਹੈ। ਉਨ੍ਹਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਐੱਸ.ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਾਹਕੋਟ-ਮਲਸੀਆਂ ਰੋਡ 'ਤੇ ਸਥਿਤ ਖਾਲੀ ਪਲਾਟ ਵਿਚ ਇਕ ਟਰੱਕ (ਪੀ ਬੀ 05 ਐੱਨ 7865) ਵਿਚ ਸਰਫ ਦੀਆਂ ਬੋਰੀਆਂ ਅੰਦਰ 20 ਚੂਰਾ-ਪੋਸਤ ਦੀਆਂ ਬੋਰੀਆਂ ਲੁਕੋਈਆਂ ਹਨ। ਟਰੱਕ ਕੋਲ ਉਸ ਸਮੇਂ ਤਿੰਨ ਵਿਅਕਤੀ ਖੜ੍ਹੇ ਹਨ, ਜੋ ਆਪਣੇ ਸਪਲਾਇਰ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਤੁਰੰਤ ਪੁਲਸ ਮੁਲਾਜ਼ਮਾਂ ਨਾਲ ਜਦੋਂ ਰੇਡ ਕੀਤੀ ਗਈ ਤਾਂ ਮੌਕੇ ਤੋਂ ਤਰਨਤਾਰਨ ਤੋਂ ਭੁਪਿੰਦਰ ਸਿੰਘ ਉਰਫ ਭਿੰਦਾ, ਅਬੋਹਰ ਦਾ ਅੰਗਰੇਜ਼ ਸਿੰਘ ਤੇ ਫਾਜ਼ਿਲਕਾ ਦੇ ਰਾਜਪਾਲ ਉਰਫ ਪਾਲੀ ਨੂੰ ਕਾਬੂ ਕਰ ਲਿਆ ਜਦੋਂਕਿ ਟਰੱਕ ਦਾ ਮਾਲਕ ਤੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਭੱਜਣ ਵਿਚ ਕਾਮਯਾਬ ਰਿਹਾ, ਜਿਸ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਵਿਚ ਮੁਲਜ਼ਮ ਭਿੰਦਾ ਨੇ ਦੱਸਿਆ ਕਿ ਉਹ ਚੂਰਾ-ਪੋਸਤ ਖਾਣ ਦਾ ਆਦੀ ਹੈ। ਪੇਸ਼ੇ ਤੋਂ ਇਕ ਮਕੈਨਿਕ ਹੈ ਤੇ ਦਸਵੀਂ ਪਾਸ ਹੈ। ਉਸਦੀ ਅੰਮ੍ਰਿਤਸਰ 'ਚ ਰਿਪੇਅਰਿੰਗ ਦੀ ਦੁਕਾਨ ਹੈ। ਮੁੱਖ ਮੁਲਜ਼ਮ ਗੁਰਵਿੰਦਰ ਗੋਲਡੀ ਨਾਲ ਉਸਦੀ ਦੋਸਤੀ ਇਸ ਲਈ ਪਈ ਕਿਉਂਕਿ ਉਹ ਉਸ ਕੋਲੋਂ ਆਪਣੇ ਟਰੱਕ ਠੀਕ ਕਰਵਾਉਂਦਾ ਸੀ। ਉਸਦੀ ਪਿੰਡ ਵਿਚ ਹੀ ਚਾਰ ਕਨਾਲ ਜ਼ਮੀਨ ਵੀ ਹੈ। ਘਰ ਦਾ ਗੁਜ਼ਾਰਾ ਇਸ ਦੁਕਾਨ ਤੋਂ ਹੀ ਹੁੰਦਾ ਸੀ ਪਰ ਗੋਲਡੀ ਜ਼ਿਆਦਾ ਪੈਸਿਆਂ ਦਾ ਲਾਲਚ ਦੇ ਕੇ ਉਸਨੂੰ ਟਰੱਕ ਵਿਚ ਮੱਧ ਪ੍ਰਦੇਸ਼ ਲੈ ਗਿਆ। ਜਿੱਥੋਂ ਉਸਨੇ ਚੂਰਾ-ਪੋਸਤ ਖਰੀਦ ਕੇ ਸ਼ਾਹਕੋਟ ਫਾਟਕ ਕੋਲ ਸਥਿਤ ਗੋਦਾਮ ਵਿਚ ਟਰੱਕ ਨੂੰ ਲੁਕੋ ਕੇ ਖੜ੍ਹਾ ਕਰ ਦਿੱਤਾ। ਉਸ ਗੋਦਾਮ ਵਿਚ ਪਹੁੰਚਣ ਤੋਂ ਪਹਿਲਾਂ ਹੀ ਰਾਜਪਾਲ ਉਰਫ ਪਾਲੀ ਤੇ ਅੰਗਰੇਜ਼ ਸਿੰਘ ਉਥੇ ਮੌਜੂਦ ਸਨ ਜੋ ਗਾਹਕਾਂ ਦੀ ਉਡੀਕ ਕਰ ਰਹੇ ਸਨ।
ਦੂਜੇ ਪਾਸੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਪੜ੍ਹਿਆ-ਲਿਖਿਆ ਨਹੀਂ ਹੈ ਪਰ ਦਸਤਖਤ ਕਰਨੇ ਜਾਣਦਾ ਹੈ। ਪੇਸ਼ੇ ਤੋਂ ਉਹ ਟਰੱਕ ਡਰਾਈਵਿੰਗ ਕਰਦਾ ਹੈ ਤੇ 10 ਸਾਲਾਂ ਤੋਂ ਗੁਰਵਿੰਦਰ ਸਿੰਘ ਉਰਫ ਗੋਲਡੀ ਦੇ ਟਰੱਕ ਚਲਾਉਂਦਾ ਹੈ। ਉਸਨੇ ਦੱਸਿਆ ਕਿ ਗੋਲਡੀ ਤੇ ਉਹ, ਦੋਵੇਂ ਡੋਡੇ ਖਾਣ ਦੇ ਆਦੀ ਹਨ। ਉਹ ਮੱਧ ਪ੍ਰਦੇਸ਼ ਦਾ ਇਕ ਗੇੜਾ ਲਾਉਣ ਦਾ 20 ਹਜ਼ਾਰ ਰੁਪਏ ਲੈਂਦਾ ਸੀ। ਉਹ ਰਾਜਪਾਲ ਨਾਲ ਮਿਲ ਕੇ ਪਹਿਲਾਂ ਵੀ ਤਿੰਨ ਵਾਰ ਮੱਧ ਪ੍ਰਦੇਸ਼ ਤੋਂ ਚੂਰਾ-ਪੋਸਤ ਲੈ ਕੇ ਆ ਚੁੱਕਾ ਹੈ। ਇਸ ਵਾਰ ਵੀ ਉਹ ਉਥੋਂ 20 ਬੋਰੀਆਂ ਲੈ ਕੇ ਆਇਆ ਸੀ। 1-1 ਬੋਰੀ ਵਿਚ 40 ਕਿਲੋ ਚੂਰਾ-ਪੋਸਤ ਸੀ। ਉਹ ਮੱਧ ਪ੍ਰਦੇਸ਼ ਤੋਂ ਚੂਰਾ-ਪੋਸਤ ਦੀ ਬੋਰੀ 68 ਹਜ਼ਾਰ ਵਿਚ ਲਿਆਉਂਦਾ ਸੀ। ਜਲੰਧਰ ਵਿਚ ਉਹ 20 ਕਿਲੋ ਦੀ ਬੋਰੀ ਇਕ ਲੱਖ ਤੱਕ ਵੇਚਦੇ ਸਨ।
ਪੁੱਛਗਿੱਛ ਦੌਰਾਨ ਮੁਲਜ਼ਮ ਰਾਜਪਾਲ ਨੇ ਦੱਸਿਆ ਕਿ ਉਹ ਡਰਾਈਵਰ ਅੰਗਰੇਜ਼ ਸਿੰਘ ਨਾਲ ਟਰੱਕ ਵਿਚ ਕਲੀਨਰ ਵਜੋਂ ਕੰਮ ਕਰਦਾ ਹੈ।
ਚੌਥੀ ਕਲਾਸ ਤੱਕ ਪੜ੍ਹਿਆ ਹੈ, ਵਿਆਹ ਹੋ ਚੁੱਕਾ ਹੈ ਤੇ ਉਸਦੇ ਦੋ ਬੱਚੇ ਵੀ ਹਨ। ਉਸਨੂੰ ਗੁਰਵਿੰਦਰ ਸਿੰਘ ਗੋਲਡੀ ਦੇ ਨਾਲ ਕੰਮ ਕਰਦਿਆਂ ਕਰੀਬ 6 ਸਾਲ ਹੋ ਚੁੱਕੇ ਹਨ। ਉਹ ਵੀ ਡਰਾਈਵਰ ਅੰਗਰੇਜ਼ ਸਿੰਘ ਦੇ ਨਾਲ ਮੱਧ ਪ੍ਰਦੇਸ਼ ਜਾ ਕੇ ਚੂਰਾ-ਪੋਸਤ ਦੀਆਂ ਬੋਰੀਆਂ ਜਲੰਧਰ ਲੈ ਕੇ ਆਉਂਦਾ ਸੀ। ਉਸ 'ਤੇ ਚੂਰਾ-ਪੋਸਤ ਦੀ ਸਮੱਗਲਿੰਗ ਤੋਂ ਪਹਿਲਾਂ ਸ਼ਰਾਬ ਸਮੱਗਲਿੰਗ ਦਾ ਮਾਮਲਾ ਵੀ ਦਰਜ ਹੈ।
ਮਾਲਕ ਗੋਲਡੀ ਹੈ ਪੁਰਾਣਾ ਸਮੱਗਲਰ, ਦਰਜ ਹਨ 3 ਮੁਕੱਦਮੇ
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਟਰਾਂਸਪੋਰਟਰ ਗੁਰਵਿੰਦਰ ਸਿੰਘ ਉਰਫ ਗੋਲਡੀ ਕਾਫੀ ਦੇਰ ਤੋਂ ਚੂਰਾ-ਪੋਸਤ ਦੀ ਸਮੱਗਲਿੰਗ ਕਰ ਰਿਹਾ ਹੈ। ਉਸ 'ਤੇ ਪਹਿਲਾਂ ਵੀ ਗੋਇੰਦਵਾਲ ਸਾਹਿਬ ਵਿਖੇ ਤਿੰਨ ਮਾਮਲੇ ਦਰਜ ਹਨ।
200 ਕਰੋੜ ਦੀ ਹੈਰੋਇਨ ਸਣੇ ਫੜੇ ਸਮੱਗਲਰ ਨੂੰ ਲਿਆ 6 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY