ਲੁਧਿਆਣਾ, (ਰਿਸ਼ੀ)- ਏ. ਐੱਸ. ਆਈ. ਦੀ ਤੇਜ਼ ਰਫਤਾਰ ਕਾਰ ਨੇ 65 ਸਾਲਾ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜ਼ਖਮੀ ਬਜ਼ੁਰਗ ਦੇ ਸਰੀਰ ’ਚ ਇਨਫੈਕਸ਼ਨ ਫੈਲਣ ਕਾਰਨ ਪਹਿਲਾਂ ਉਸ ਦੀ ਲੱਤ ਕੱਟਣੀ ਪਈ, ਜਦਕਿ ਹਾਦਸੇ ਦੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿਚ ਏ. ਐੱਸ. ਆਈ. ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰਿਸ਼ਤੇਦਾਰਾਂ ਵਲੋਂ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ਦੇ ਬਾਅਦ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਥਾਣਾ ਟਿੱਬਾ ਦੇ ਏ. ਐੱਸ. ਆਈ. ਸੋਮਨਾਥ ਖਿਲਾਫ ਧਾਰਾ 279, 338, 304 ਏ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਹਰਭਜਨ ਸਿੰਘ ਨਿਵਾਸੀ ਜਨਤਾ ਕਾਲੋਨੀ ਰਾਹੋਂ ਰੋਡ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਪਤਨੀ ਗਿਆਨ ਕੌਰ ਨੇ ਦੱਸਿਆ ਕਿ 3 ਜੁਲਾਈ ਦੁਪਹਿਰ 3 ਵਜੇ ਆਪਣੇ ਪਤੀ ਨਾਲ ਕਿਸੇ ਕੰਮ ਘਰੋਂ ਪੈਦਲ ਜਾ ਰਹੀ ਸੀ। ਰਾਜੂ ਸਟੋਰ ਰਾਹੋਂ ਰੋਡ ਨੇਡ਼ੇ ਪਿੱਛੋਂ ਆਈ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਹਾਦਸੇ ’ਚ ਉਸ ਦੇ ਪਤੀ ਦਾ ਪੈਰ ਕਾਰ ਦੇ ਹੇਠਾਂ ਆ ਗਿਆ। ਤਦ ਨੇਡ਼ੇ ਤੋਂ ਗੁਜ਼ਰ ਰਹੇ ਐਕਟਿਵਾ ਸਵਾਰ ਨੇ ਜ਼ਖਮੀ ਨੂੰ ਇਲਾਜ ਲਈ ਤੁਰੰਤ ਨੇਡ਼ੇ ਦੇ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਕਾਰ ਚਾਲਕ ਏ. ਐੱਸ. ਆਈ. ਵੀ ਪਹੁੰਚ ਗਿਆ, ਜਿਸ ਨੇ ਪੈਰ ’ਤੇ ਪੱਟੀ ਕਰਵਾ ਦਿੱਤੀ ਅਤੇ ਕਿਸੇ ਤਰ੍ਹਾਂ ਦੀ ਮਦਦ ਦਾ ਕਹਿ ਕੇ ਆਪਣਾ ਮੋਬਾਇਲ ਨੰਬਰ ਦੇ ਦਿੱਤਾ। ਉਸ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਪਰ ਬਾਅਦ ਵਿਚ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।
ਬੀਤੀ 23 ਜੁਲਾਈ ਨੂੰ ਪਤੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ 2 ਦਿਨ ਤੱਕ ਚੱਲੇ ਇਲਾਜ ਦੇ ਬਾਅਦ ਇਨਫੈਕਸ਼ਨ ਫੈਲਣ ਦੇ ਕਾਰਨ ਉਨ੍ਹਾਂ ਦੀ ਲੱਤ ਕੱਟਣੀ ਪਈ, ਜਦਕਿ ਸ਼ਨੀਵਾਰ ਸ਼ਾਮ ਨੂੰ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਐੱਸ. ਐੱਚ. ਓ. ਮਾਧਵੀ ਵਰਮਾ ਦੇ ਅਨੁਸਾਰ ਪੁਲਸ ਨੇ ਏ. ਐੱਸ. ਆਈ. ਖਿਲਾਫ ਕੇਸ ਦਰਜ ਕਰ ਲਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਹੀ ਇਲਾਜ ਨਾ ਕਰਵਾਉਣ ਦਾ ਲਾਇਆ ਦੋਸ਼
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਚਾਹੇ ਏ. ਐੱਸ. ਆਈ. ਵਲੋਂ ਖਾਨਾਪੂਰਤੀ ਲਈ ਹਸਪਤਾਲ ਆ ਕੇ ਪੈਸੇ ਦਿੱਤੇ ਗਏ ਪਰ ਜ਼ਖਮੀ ਦਾ ਸਹੀ ਇਲਾਜ ਨਹੀਂ ਕਰਵਾਇਆ ਗਿਆ। ਜੇਕਰ ਇਲਾਜ ਕਰਵਾਇਆ ਜਾਂਦਾ ਤਾਂ ਸ਼ਾਇਦ ਉਨ੍ਹਾਂ ਦੀ ਮੌਤ ਨਾ ਹੁੰਦੀ। ਰਿਸ਼ਤੇਦਾਰਾਂ ਅਨੁਸਾਰ ਪੈਰ ਦਾ ਐਕਸ-ਰੇ ਨਹੀਂ ਕਰਵਾਇਆ ਗਿਆ, ਟਾਂਕੇ ਲਾ ਇਕ ਹਫਤੇ ਦੀ ਦਵਾਈ ਦੇ ਕੇ ਵਾਪਸ ਮੋਡ਼ ਦਿੱਤਾ। ਜਿਸ ਦੇ ਬਾਅਦ ਏ. ਐੱਸ. ਆਈ. ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪੈਸੇ ਨਾ ਹੋਣ ਕਾਰਨ ਉਹ ਵੀ ਹਸਪਤਾਲ ਨਾ ਜਾ ਸਕੇ ਅਤੇ ਅੰਦਰ ਹੀ ਅੰਦਰ ਇਨਫੈਕਸ਼ਨ ਫੈਲਦੀ ਰਹੀ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਹਿਲਾਂ ਪੁਲਸ ਵਲੋਂ ਕਾਰਵਾਈ ਨਾ ਕਰਨ ’ਤੇ ਉਨ੍ਹਾਂ ਨੂੰ ਮਜਬੂਰਨ ਇਨਸਾਫ ਲਈ ਧਰਨਾ ਲਾਉਣਾ ਪਿਆ।
5000 ਕਰੋੜ ਰੁਪਏ ’ਚ ਜਾਪਾਨ ਤੋਂ 25 ਬੁਲੇਟ ਟਰੇਨਾਂ ਖਰੀਦਣ ਦੀ ਤਿਆਰੀ ’ਚ ਵਿਭਾਗ
NEXT STORY