ਗਿੱਦੜਬਾਹਾ, (ਕੁਲਭੂਸ਼ਨ)- ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗਿੱਦੜਬਾਹਾ ਦੇ ਭੱਠੀ ਵਾਲਾ ਮੋੜ ਸਥਿਤ ਸਟੇਟ ਬੈਂਕ ਦੇ ਏ. ਟੀ. ਐੱਮ. ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਦਿੰਦਿਆਂ ਸਟੇਟ ਬੈਂਕ ਆਫ ਪਟਿਆਲਾ ਦੇ ਬ੍ਰਾਂਚ ਮੈਨੇਜਰ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਕਰੀਬ 12:00 ਵਜੇ ਭੱਠੀ ਵਾਲਾ ਮੋੜ ਸਥਿਤ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਕਤ ਏ. ਟੀ. ਐੱਮ. ਵਿਚ ਅਲਾਰਮ ਲੱਗਾ ਹੋਣ ਕਾਰਨ ਜਿਵੇਂ ਹੀ ਉਕਤ ਅਣਪਛਾਤੇ ਵਿਅਕਤੀ/ਵਿਅਕਤੀਆਂ ਨੇ ਏ. ਟੀ. ਐੱਮ. ਮਸ਼ੀਨ ਨੂੰ ਤੋੜਨਾ ਚਾਹਿਆ ਤਾਂ ਇਸ ਦੀ ਸੂਚਨਾ ਮੁੰਬਈ ਸਥਿਤ ਕੰਟਰੋਲ ਰੂਮ ਕੋਲ ਪੁੱਜ ਗਈ, ਜਿਨ੍ਹਾਂ ਤੁਰੰਤ ਇਸ ਸਬੰਧੀ ਸੂਚਨਾ ਥਾਣਾ ਗਿੱਦੜਬਾਹਾ ਅਤੇ ਮੈਨੂੰ (ਬ੍ਰਾਂਚ ਮੈਨੇਜਰ) ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਖੁਦ ਅਤੇ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਪਰ ਉਦੋਂ ਤੱਕ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਸਮੇਂ ਉਕਤ ਘਟਨਾ ਹੋਈ ਉਸ ਸਮੇਂ ਏ. ਟੀ. ਐੱਮ. ਮਸ਼ੀਨ ਵਿਚ ਕਰੀਬ 10 ਲੱਖ ਰੁਪਏ ਦੀ ਨਕਦੀ ਸੀ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਣਪਛਾਤਿਆਂ ਵੱਲੋਂ ਏ. ਟੀ. ਐੱਮ. ਮਸ਼ੀਨ ਦਾ ਜ਼ਰੂਰ ਕੁਝ ਨੁਕਸਾਨ ਕੀਤਾ ਗਿਆ ਹੈ।
ਦੂਜੇ ਪਾਸੇ ਉਕਤ ਘਟਨਾ ਦੀ ਜਾਂਚ ਕਰ ਰਹੇ ਥਾਣਾ ਗਿੱਦੜਬਾਹਾ ਦੇ ਏ. ਐੱਸ. ਆਈ. ਬਾਜ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਰਾਜ ਕੁਮਾਰ ਗੋਇਲ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਨਖਾਹ ਘੱਟ ਕਰਨ ਦੇ ਸਰਕਾਰੀ ਮਨਸੂਬੇ ਖਿਲਾਫ ਭੜਕੇ ਅਧਿਆਪਕ
NEXT STORY