ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ ਹੈ। ਦਰਅਸਲ ਹੁਣ ਘਰੋਂ ਨਿਕਲਦੇ ਹੀ ਵਾਹਨ ਚਲਾਉਂਦਿਆਂ ਚਾਲਕ ਨੇ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਪੁਲਸ ਮੁਲਾਜ਼ਮ ਚੁੱਪਚਾਪ ਉਨ੍ਹਾਂ ਨੂੰ ਆਪਣੇ ਮੋਬਾਇਲ ਫੋਨ ’ਚ ਕੈਦ ਕਰ ਰਹੇ ਹਨ। ਮੋਬਾਇਲ ’ਚ ਫੋਟੋ ਅਤੇ ਵੀਡੀਓ ਬਣਾ ਕੇ ਪੁਲਸ ਮੁਲਾਜ਼ਮ ਵਾਹਨ ਚਾਲਕ ਦਾ ਆਨਲਾਈਨ ਚਲਾਨ ਕੱਟ ਰਹੇ ਹਨ। ਟ੍ਰੈਫਿਕ ਵਿੰਗ ’ਚ ਤਾਇਨਾਤ ਹਰੇਕ ਲਾਈਟ ਪੁਆਇੰਟ ਅਤੇ ਚੌਰਾਹੇ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਘੱਟੋ-ਘੱਟ ਮੋਬਾਇਲ ਫੋਨ ਰਾਹੀਂ 10 ਚਲਾਨ ਜਾਰੀ ਕਰਨੇ ਪੈ ਰਹੇ ਹਨ। ਸਾਰੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਮੋਬਾਇਲ ਫੋਨ ’ਚ ਐਪ ਡਾਊਨਲੋਡ ਕੀਤੀ ਗਈ ਹੈ। ਮੋਬਾਇਲ ਤੋਂ ਫੋਟੋ ਖਿੱਚ ਕੇ ਚਲਾਨ ਕਰਨ ਦਾ ਡਾਟਾ ਹਰ ਰੋਜ਼ ਪੁਲਸ ਮੁਲਾਜ਼ਮਾਂ ਨੂੰ ਸੀਨੀਅਰ ਅਧਿਕਾਰੀਆਂ ਨੂੰ ਦੇਣਾ ਪੈਂਦਾ ਹੈ। ਪੁਲਸ ਸੋਸ਼ਲ ਮੀਡੀਆ ਰਾਹੀਂ ਵੀ ਚਲਾਨ ਕੱਟ ਰਹੀ ਹੈ ਪਰ ਇਸ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਗਿਣਤੀ ’ਚ ਕੋਈ ਕਮੀ ਨਹੀਂ ਆ ਰਹੀ ਹੈ। ਹਰ ਸਾਲ ਟ੍ਰੈਫਿਕ ਚਲਾਨਾਂ ਦੀ ਗਿਣਤੀ ਵੱਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਨੇ ਚੰਡੀਗੜ੍ਹ ਨੂੰ ਚਲਾਨ ਗੜ੍ਹ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਨੂੰ ਚਲਾਨ ਜਾਰੀ ਕਰਨ ਲਈ ਵੀਡੀਓ ਕੈਮਰੇ ਦਿੱਤੇ ਗਏ ਸਨ। ਇਨ੍ਹਾਂ ਵੀਡੀਓ ਕੈਮਰਿਆਂ ’ਚ ਪੁਲਸ ਮੁਲਾਜ਼ਮ ਨਿਯਮ ਤੋੜਨ ਵਾਲੇ ਚਾਲਕਾਂ ਨੂੰ ਕੈਦ ਕਰਕੇ ਉਨ੍ਹਾਂ ਦਾ ਚਲਾਨ ਕਰਦੇ ਸਨ ਪਰ ਹੁਣ ਤਾਂ ਪੁਲਸ ਮੁਲਾਜ਼ਮ ਆਪਣੇ ਮੋਬਾਇਲ ਜ਼ਰੀਏ ਚਲਾਨ ਕਰ ਰਹੇ ਹਨ।
ਇਹ ਵੀ ਪੜ੍ਹੋ : ਆਧਾਰ ਕਾਰਡ ਨਾਲ ਜੁੜੀ ਵੱਡੀ ਅਪਡੇਟ, ਜਾਰੀ ਹੋਏ ਨਵੇਂ ਹੁਕਮ, ਇਸ ਤਾਰੀਖ਼ ਤੱਕ...
4 ਮਹੀਨਿਆਂ ’ਚ 3 ਲੱਖ 25 ਹਜ਼ਾਰ ਚਲਾਨ ਕੱਟੇ, 5 ਕਰੋੜ 35 ਲੱਖ ਦਾ ਜੁਰਮਾਨਾ ਵਸੂਲਿਆ
ਟ੍ਰੈਫਿਕ ਪੁਲਸ ਲੋਕਾਂ ਦੇ ਧੜਾਧੜ ਚਲਾਨ ਕਰਨ ’ਚ ਲੱਗੀ ਹੋਈ ਹੈ। ਪੁਲਸ ਦੀ ਮੰਨੀਏ ਤਾਂ ਜਨਵਰੀ ਤੋਂ ਅਪ੍ਰੈਲ ਤੱਕ ਟ੍ਰੈਫਿਕ ਪੁਲਸ ਨੇ 3 ਲੱਖ 25 ਹਜ਼ਾਰ ਚਲਾਨ ਕੱਟੇ ਹਨ। ਜਿਨ੍ਹਾਂ ਤੋਂ 5 ਕਰੋੜ 35 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। 4 ਮਹੀਨਿਆਂ ’ਚ ਜ਼ਿਆਦਾਤਰ ਚਲਾਨ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ, ਬਿਨਾਂ ਹੈਲਮੈੱਟ ਮੋਟਰਸਾਈਕਲ ਚਲਾਉਣ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਂਦੇ ਹੋਏ ਲਾਲ ਬੱਤੀ ਪਾਰ ਕਰਨ ਦੇ ਹੋਏ ਹਨ। ਜਿਨ੍ਹਾਂ ’ਚ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਂਦੇ ਹੋਏ ਲਾਲ ਬੱਤੀ ਜੰਪ ਕਰਨ ਦੇ ਕਰੀਬ 1 ਲੱਖ 55 ਹਜ਼ਾਰ ਚਲਾਨ ਕੱਟੇ ਗਏ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲਈ 39,000 ਤੇ ਜ਼ੈਬਰਾ ਕਰਾਸਿੰਗ ’ਤੇ ਕਦਮ ਰੱਖਣ ਲਈ 38,000 ਤੋਂ ਵੱਧ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 1800 ਵਾਹਨ ਜ਼ਬਤ ਕੀਤੇ ਗਏ ਅਤੇ ਆਦਤਨ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ 90 ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਦੁਕਾਨਦਾਰਾਂ ਲਈ ਵੱਡਾ ਐਲਾਨ, ਮਾਨ ਸਰਕਾਰ ਨੇ ਕੈਬਨਿਟ 'ਚ ਲਿਆ ਫ਼ੈਸਲਾ (ਵੀਡੀਓ)
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 2024 ’ਚ 9 ਲੱਖ 68 ਹਜ਼ਾਰ ਚਲਾਨ ਕੀਤੇ ਸਨ
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 2024 ’ਚ 9 ਲੱਖ 68 ਹਜ਼ਾਰ ਚਲਾਨ ਕੀਤੇ ਸਨ। ਇਨ੍ਹਾਂ ਚਲਾਨਾਂ ਰਾਹੀਂ ਟ੍ਰੈਫਿਕ ਪੁਲਸ ਨੇ 22 ਕਰੋੜ 69 ਲੱਖ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਸੀ। ਜਿਨ੍ਹਾਂ ’ਚ 1 ਲੱਖ 40 ਹਜ਼ਾਰ 286 ਚਲਾਨ ਮੌਕੇ ’ਤੇ ਭੁਗਤੇ ਗਏ। ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ 8 ਲੱਖ 28 ਹਜ਼ਾਰ 672 ਚਲਾਨ ਹੋਏ। ਲਾਲ ਬੱਤੀ ਜੰਪ ਕਰਨ ਦੇ ਸਭ ਤੋਂ ਵੱਧ 4 ਲੱਖ 89 ਹਜ਼ਾਰ 382 ਚਲਾਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ 1 ਲੱਖ 45 ਹਜ਼ਾਰ 307 ਚਲਾਨ ਕੀਤੇ ਗਏ। ਜਿਸ ’ਚ ਬਿਨਾਂ ਹੈਲਮੈੱਟ ਸਵਾਰੀਆਂ ਦੇ 84,616 ਚਲਾਨ ਜਾਰੀ ਕੀਤੇ ਗਏ, ਜਦੋਂ ਕਿ 2023 ’ਚ ਟ੍ਰੈਫਿਕ ਪੁਲਸ ਨੇ 9 ਲੱਖ 26 ਹਜ਼ਾਰ 380 ਚਲਾਨ ਕੀਤੇ ਸਨ। ਜਿਨ੍ਹਾਂ ਤੋਂ ਪੁਲਸ ਨੇ 10 ਕਰੋੜ 31 ਲੱਖ 68 ਹਜ਼ਾਰ ਰੁਪਏ ਵਸੂਲ ਕੀਤੇ ਸੀ। ਕੈਮਰਿਆਂ ਰਾਹੀਂ 7 ਲੱਖ 95 ਹਜ਼ਾਰ ਚਲਾਨ ਕੀਤੇ ਗਏ। ਇਸੇ ਤਰ੍ਹਾਂ ਲਾਲ ਬੱਤੀ ਜੰਪ ਕਰਨ ਦੇ 4 ਲੱਖ 10 ਹਜ਼ਾਰ ਚਲਾਨ ਕੱਟੇ ਗਏ ਸਨ। ਓਵਰ ਸਪੀਡ ਦੇ 2 ਲੱਖ ਚਲਾਨ ਅਤੇ ਜ਼ੈਬਰਾ ਕਰਾਸਿੰਗ ਦੇ 1.22 ਲੱਖ ਚਲਾਨ ਪੁਲਸ ਨੇ ਕੱਟੇ ਸਨ।
ਚੰਡੀਗੜ੍ਹ ਟ੍ਰੈਫਿਕ ਵਿੰਗ ’ਚ 643 ਕਰਮਚਾਰੀ ਹਨ ਤਾਇਨਾਤ
ਚੰਡੀਗੜ੍ਹ ਟ੍ਰੈਫਿਕ ਵਿੰਗ ’ਚ ਐੱਸ. ਐੱਸ. ਪੀ. ਦੀ ਅਗਵਾਈ ਹੇਠ 643 ਪੁਲਸ ਕਰਮਚਾਰੀ ਤਾਇਨਾਤ ਹਨ। ਇਸ ’ਚ 6 ਡੀ. ਐੱਸ. ਪੀ., 11 ਇੰਸਪੈਕਟਰ, 22 ਸਬ-ਇੰਸਪੈਕਟਰ, 20 ਹੈੱਡ ਕਾਂਸਟੇਬਲ, 267 ਕਾਂਸਟੇਬਲ, 84 ਮਹਿਲਾ ਕਾਂਸਟੇਬਲ ਅਤੇ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਸਹਾਇਤਾ ਲਈ 169 ਹੋਮਗਾਰਡ ਜਵਾਨ ਸ਼ਾਮਲ ਹਨ। ਇਨ੍ਹਾਂ ਕੋਲ 96 ਵਾਹਨਾਂ ਦਾ ਬੇੜਾ ਹੈ, ਜਿਸ ’ਚ 76 ਦੋਪਹੀਆ ਤੇ 20 ਚਾਰ ਪਹੀਆ ਵਾਹਨ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ ਕਿਸਮਤ
NEXT STORY