ਜਲੰਧਰ (ਧਵਨ)—ਪੰਜਾਬ 'ਚ ਡਰੱਗਜ਼ ਵਿਰੁੱਧ ਇਕ ਹੋਰ ਜੰਗ ਛੇੜਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਸੱਤਾ 'ਚ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਡਰੱਗਜ਼ ਵਿਰੁੱਧ ਇਕ ਮੁਹਿੰਮ ਛੇੜਦੇ ਹੋਏ ਇਕ ਨਵੀਂ ਸੁਰੱਖਿਆ ਏਜੰਸੀ ਦਾ ਗਠਨ ਕੀਤਾ ਸੀ। ਡਰੱਗਜ਼ ਵਿਰੁੱਧ ਚੱਲ ਰਹੀ ਮੁਹਿੰਮ ਅਧੀਨ ਹੁਣ ਸਭ ਸੁਰੱਖਿਆ ਏਜੰਸੀਆਂ ਮਿਲ ਕੇ ਨਸ਼ਾ ਸਮੱਗਲਰਾਂ ਕੋਲੋਂ ਪੁੱਛਗਿੱਛ ਕਰਨਗੀਆਂ।
ਸੁਰੱਖਿਆ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਮਿਲ ਕੇ ਸਮੱਗਲਰਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਨਸ਼ਾ ਸਮੱਗਲਰਾਂ ਵਲੋਂ ਸਰਹੱਦ ਪਾਰ ਤੋਂ ਕਿਸ ਤਰ੍ਹਾਂ ਨਸ਼ੀਲੀਆਂ ਵਸਤਾਂ ਪੰਜਾਬ 'ਚ ਲਿਆਂਦੀਆਂ ਜਾਂਦੀਆਂ ਰਹੀਆਂ ਹਨ। ਬੀ. ਐੱਸ. ਐੱਫ. ਦੇ ਹੱਥਾਂ 'ਚ ਪਾਕਿਸਤਾਨ ਨਾਲ ਲੱਗਦੀ ਸਮੁੱਚੀ 553 ਕਿਲੋਮੀਟਰ ਲੰਬੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਦੂਜੇ ਪਾਸੇ ਪੰਜਾਬ ਪੁਲਸ ਨੇ ਮੁੱਖ ਮੰਤਰੀ ਦੇ ਹੁਕਮਾਂ 'ਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਸੁਰੱਖਿਆ ਅਧਿਕਾਰੀਆਂ ਕੋਲੋਂ ਪਤਾ ਲੱਗਾ ਹੈ ਕਿ ਹੁਣੇ ਜਿਹੇ ਹੋਈ ਇਕ ਬੈਠਕ ਦੌਰਾਨ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੋਹਾਂ ਨੂੰ ਮਿਲ ਕੇ ਨਸ਼ਾ ਸਮੱਗਲਰਾਂ ਕੋਲੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਤਾਲਮੇਲ ਕਮੇਟੀ ਦੀ ਬੈਠਕ 'ਚ ਲਏ ਗਏ ਫੈਸਲਿਆਂ ਰਾਹੀਂ ਨਸ਼ਿਆਂ 'ਤੇ ਰੋਕ ਲਗਾਉਣ 'ਚ ਮਦਦ ਮਿਲੇਗੀ।
ਸੂਤਰਾਂ ਮੁਤਾਬਕ ਸਰਹੱਦੀ ਖੇਤਰਾਂ 'ਚ ਪੰਜਾਬ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਨਸ਼ਾ ਸਮੱਗਲਰਾਂ ਕੋਲੋਂ ਪੁੱਛਗਿੱਛ ਸਮੇਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਵੀ ਸੱਦਿਆ ਜਾਵੇ। ਇਸ ਦਾ ਲਾਭ ਇਹ ਹੋਵੇਗਾ ਕਿ ਬੀ. ਐੱਸ. ਐੱਫ. ਸੂਬਾਈ ਪੁਲਸ ਨੂੰ ਦੱਸੇਗੀ ਕਿ ਸਮੱਗਲਰਾਂ ਵਲੋਂ ਕਿਹੜਾ ਰੂਟ ਸਮੱਗਲਿੰਗ ਲਈ ਅਪਣਾਇਆ ਜਾਂਦਾ ਹੈ।
ਸਿੱਖਿਆ ਵਿਭਾਗ ਦੇ ਬਾਬੂਆਂ ਨੂੰ ਛੱਡਣੀਆਂ ਪੈਣਗੀਆਂ ਮਨਪਸੰਦ ਸੀਟਾਂ
NEXT STORY