ਜਲੰਧਰ (ਮ੍ਰਿਦੁਲ) — ਜਲੰਧਰ-ਪਠਾਨਕੋਟ ਰੋਡ 'ਤੇ ਬੀਤੇ ਦਿਨ ਸਵਿਫਟ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਇਕ ਸਕੂਲ ਦੇ ਬੱਸ ਡਰਾਈਵਰ ਨੂੰ ਅਗਵਾ ਕਰਨ ਦੀ ਕਹਾਣੀ ਬਿਲਕੁਲ ਝੂਠੀ ਨਿਕਲੀ ਹੈ। ਜਾਣਕਾਰੀ ਮੁਤਾਬਕ ਅਗਵਾ ਹੋਣ ਦੀ ਇਹ ਫਿਲਮੀ ਕਹਾਣੀ ਡਰਾਈਵਰ ਜਸਵੰਤ ਸਿੰਘ ਤੇ ਉਸ ਦੇ ਕਲੀਨਰ ਸ਼ਾਹੀਦੀਨ ਨੇ ਮਿਲ ਕੇ ਰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਦੇ ਆਪਣੀ ਪਤਨੀ ਨਾਲ ਸੰਬੰਧ ਠੀਕ ਨਹੀਂ ਸਨ ਤੇ ਉਹ ਆਪਣੀ ਪਤਨੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਸ ਡਰਾਮੇ ਨੂੰ ਅੰਜਾਮ ਦਿੱਤਾ। ਪੁਲਸ ਨੇ ਛੇਤੀ ਹੀ ਇਸ ਝੂਠੀ ਕਹਾਣੀ ਤੋਂ ਪਰਦਾ ਚੁੱਕ ਦਿੱਤਾ ਤੇ ਜਸਵੰਤ ਨੂੰ ਇਕ ਡੇਰੇ 'ਚੋਂ ਬਰਾਮਦ ਕਰ ਲਿਆ।
ਭੋਗਪੁਰ ਦੇ ਥਾਣਾ ਮੁਖੀ ਨੇ ਦੱਸਿਆ ਕਿ ਡਰਾਈਵਰ ਦੇ ਕਲੀਨਰ ਨੇ ਜੋ ਕਹਾਣੀ ਉਨ੍ਹਾਂ ਨੂੰ ਦੱਸੀ, ਉਸ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਤੇ ਜਦੋਂ ਪੁਲਸ ਨੇ ਸ਼ਾਹੀਦੀਨ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਹਕੀਕਤ ਪੁਲਸ ਦੇ ਸਾਹਮਣੇ ਰੱਖ ਦਿੱਤੀ। ਉਸ ਨੇ ਦੱਸਿਆ ਕਿ ਜਸਵੰਤ ਨੇ ਖੁਦ ਇਸ ਸਾਰੇ ਨਾਟਕ ਦੀ ਰਚਨਾ ਕੀਤੀ ਤੇ ਉਹ ਜਸਵੰਤ ਸਿੰਘ ਦੇ ਕਹਿਣ 'ਤੇ ਹੀ ਉਸ ਨੂੰ ਅਲਾਵਰਪੁਰ ਛੱਡ ਕੇ ਆਇਆ ਸੀ। ਪੁਲਸ ਸੂਤਰਾਂ ਮੁਤਾਬਕ ਜਸਵੰਤ ਸਿੰਘ ਦਾ ਪੰਜ ਸਾਲ ਪਹਿਲਾਂ ਵੀ ਕਿਸੇ ਹੋਰ ਨਾਲ ਵਿਆਹ ਹੋਇਆ ਸੀ, ਜਿਸ ਤੋਂ ਪੰਜ ਸਾਲ ਦੀ ਇਕ ਕੁੜੀ ਵੀ ਹੈ। ਹੁਣ ਫਿਰ ਉਸ ਦੀ ਦੋਸਤੀ ਇਕ ਔਰਤ ਨਾਲ ਸੀ ਤੇ ਜਸਵੰਤ ਸਿੰਘ ਆਪਣੀ ਮੌਜੂਦਾ ਪਤਨੀ ਤੋਂ ਵੀ ਛੁੱਟਕਾਰਾ ਪਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਹ ਸਾਰਾ ਡਰਾਮਾ ਰਚਿਆ। ਫਿਲਹਾਲ ਪੁਲਸ ਇਸ ਮਾਮਲੇ ਸੰਬੰਧੀ ਡਰਾਈਵਰ ਤੇ ਕਲੀਨਰ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਇਸ ਤੋਂ ਬਾਅਦ ਹੀ ਇਸ ਸਨਸਨੀਖੇਜ ਅਗਵਾ ਦੇ ਡਰਾਮੇ ਤੋਂ ਪਰਦਾ ਚੁੱਕੇਗੀ। ਫਿਲਹਾਲ ਥਾਣਾ ਮੁਖੀ ਮੁਤਾਬਕ ਜਸਵੰਤ ਸਿੰਘ ਦੇ ਅਗਵਾ ਦੀ ਕਹਾਣੀ ਝੂਠੀ ਨਿਕਲੀ ਹੈ।
ਪਤਨੀ ਨੇ ਪੇਕੇ ਪਰਿਵਾਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਵੇਚੀ ਜ਼ਮੀਨ, ਮਾਮਲਾ ਦਰਜ
NEXT STORY