ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਪੰਜਪੀਰ ਟਿੱਬਾ ਵਾਸੀ ਇਕ ਵਿਅਕਤੀ ਨੇ ਆਰਥਿਕ ਤੰਗੀ ਅਤੇ ਮਾਨਸਿਕ ਪਰੇਸ਼ਾਨੀਆਂ ਤੋਂ ਤੰਗ ਆ ਕੇ ਬੀਤੀ ਦੇਰ ਰਾਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਨਗਰ ਥਾਣਾ ਨੰਬਰ-1 ਦੀ ਪੁਲਸ ਨੇ ਉਸ ਦੀ ਲਾਸ਼ ਪੋਸਟਮਾਰਟਮ ਲਈ ਮੁਰਦਾਘਰ ’ਚ ਰੱਖ ਦਿੱਤੀ ਹੈ। ਜਾਣਕਾਰੀ ਅਨੁਸਾਰ 45 ਸਾਲਾ ਮੰਗਲ ਸਿੰਘ ਪੁੱਤਰ ਜਸਵੰਤ ਸਿੰਘ ਟਰੱਕ ਚਲਾਉਂਦਾ ਸੀ ਅਤੇ ਉਸ ਕੋਲ ਦੋ ਟਰੱਕ ਸਨ, ਜਿਹੜੇ ਕਿ ਉਸ ਨੇ ਬੈਂਕ ਤੋਂ ਲੋਨ ਲੈ ਕੇ ਲਏ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲ ਸਿੰਘ ਦੇ ਦੋਵੇਂ ਟਰੱਕ ਪਿਛਲੇ ਇੱਕ ਮਹੀਨੇ ਤੋਂ ਘਰ ਵਿਚ ਖੜ੍ਹੇ ਸਨ ਕਿਉਂਕਿ ਕੋਈ ਕੰਮ ਨਹੀਂ ਸੀ। ਇਸ ਕਾਰਨ ਉਹ ਉਨ੍ਹਾਂ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ। ਇਸ ਤੋਂ ਇਲਾਵਾ ਮੰਗਲ ਸਿੰਘ ਦੇ ਵੱਡੇ ਪੁੱਤਰ ਨੇ ਕੁੱਝ ਦਿਨ ਪਹਿਲਾਂ ਇਕ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਜਿਸ ਦੇ ਪਰਿਵਾਰਕ ਮੈਂਬਰ ਮੰਗਲ ਸਿੰਘ ਨੂੰ ਵੀ ਤੰਗ ਕਰਦੇ ਸਨ। ਉਹ ਇਨ੍ਹਾਂ ਦੋਹਾਂ ਗੱਲਾਂ ਕਾਰਨ ਤਣਾਅ ’ਚ ਸੀ। ਇਸ ਕਾਰਨ ਉਹ ਬੀਤੀ ਰਾਤ ਘਰੋਂ ਅਚਾਨਕ ਲਾਪਤਾ ਹੋ ਗਿਆ ਅਤੇ ਘਰ ਤੋਂ ਕੁੱਝ ਦੂਰੀ ’ਤੇ ਸਥਿਤ ਇਕ ਖਾਲੀ ਪਲਾਟ ’ਚ ਫ਼ਾਹਾ ਲੈ ਲਿਆ।
ਜਦੋਂ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਉਹ ਘਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਤਾਂ ਮੰਗਲ ਸਿੰਘ ਫ਼ਾਹੇ ਨਾਲ ਲਟਕਦਾ ਮਿਲਿਆ। ਉਨ੍ਹਾਂ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸੋਨੂੰ ਅਤੇ ਮੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ। ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕਰ ਰਹੀ ਹੈ।
ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ
NEXT STORY