ਜਲੰਧਰ, (ਅਮਿਤ)— ਬੁੱਧਵਾਰ ਸਵੇਰੇ ਡੀ. ਏ. ਸੀ. ਅੰਦਰ ਸਥਿਤ ਡੀ. ਐੱਸ. ਐੱਸ. ਓ. (ਜ਼ਿਲਾ ਸੋਸ਼ਲ ਸਕਿਓਰਿਟੀ ਦਫਤਰ) ਤੋਂ ਆਈ ਇਕ ਫੋਨ ਕਾਲ ਨੇ ਪੂਰਾ ਜ਼ਿਲਾ ਪ੍ਰਸ਼ਾਸਨ ਹਿਲਾ ਕੇ ਰੱਖ ਦਿੱਤਾ ਅਤੇ ਚਾਰੇ ਪਾਸੇ ਹੜਕੰਪ ਜਿਹਾ ਮਚ ਗਿਆ ਅਤੇ ਕਾਫੀ ਦੇਰ ਤੱਕ ਸੋਸ਼ਲ ਸਕਿਓਰਿਟੀ ਦਫਤਰ ਇਕ ਲੜਾਈ ਦਾ ਅਖਾੜਾ ਬਣਿਆ ਰਿਹਾ। ਜਾਣਕਾਰੀ ਮੁਤਾਬਕ ਡੀ. ਸੀ. ਨੂੰ ਇਕ ਫੋਨ ਕਾਲ ਆਈ ਕਿ ਸੋਸ਼ਲ ਸਕਿਓਰਿਟੀ ਦਫਤਰ ਦੇ ਕਰਮਚਾਰੀਆਂ ਨੇ ਕਿਸੇ ਵਿਅਕਤੀ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਇਸ ਲਈ ਤੁਰੰਤ ਸਹਾਇਤਾ ਭੇਜੀ ਜਾਵੇ। ਇਸ ਤਰ੍ਹਾਂ ਦੀ ਫੋਨ ਕਾਲ ਆਉਂਦੇ ਹੀ ਪੂਰਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਡੀ. ਸੀ. ਦਫਤਰ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਜਲਦਬਾਜ਼ੀ ਵਿਚ ਡੀ. ਸੀ. ਨੇ ਸੋਸ਼ਲ ਸਕਿਓਰਿਟੀ ਅਫਸਰ ਰਵਿੰਦਰ ਸਿੰਘ ਨੂੰ ਮੌਕੇ 'ਤੇ ਜਾ ਕੇ ਸਥਿਤੀ ਸੰਭਾਲਣ ਦਾ ਨਿਰਦੇਸ਼ ਦਿੱਤਾ ਪਰ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ ਮਾਮਲਾ ਲਗਭਗ ਨਿੱਬੜ ਗਿਆ ਸੀ। ਇੰਨਾ ਹੀ ਨਹੀਂ, ਪੁਲਸ ਪ੍ਰਸ਼ਾਸਨ ਵਲੋਂ ਵੀ ਕਰਮਚਾਰੀਆਂ ਦੀ ਇਕ ਟੀਮ ਮੌਕੇ 'ਤੇ ਭੇਜੀ ਗਈ ਪਰ ਟੀਮ ਨੂੰ ਦਫਤਰ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਹ ਕਾਫੀ ਦੇਰ ਤੱਕ ਇਧਰ-ਉਧਰ ਹੀ ਭਟਕਦੇ ਰਹੇ। ਬਾਅਦ ਵਿਚ ਮਾਮਲਾ ਨਿੱਬੜਨ ਦੀ ਜਾਣਕਾਰੀ ਮਿਲਣ 'ਤੇ ਉਹ ਵਾਪਸ ਪਰਤ ਆਏ।
ਕੀ ਹੈ ਮਾਮਲਾ, ਕਿਵੇਂ ਬਣੇ ਅਜਿਹੇ ਹਾਲਾਤ? : ਚਸ਼ਮਦੀਦਾਂ ਮੁਤਾਬਕ ਬੁੱਧਵਾਰ ਸਵੇਰੇ ਬੂਟਾ ਮੰਡੀ ਤੋਂ ਇਕ ਸਾਬਕਾ ਭਾਜਪਾ ਨੇਤਾ ਰਮੇਸ਼ ਲਾਲ ਕਾਲਾ ਆਪਣੇ ਕਿਸੇ ਜਾਣਕਾਰ ਦੇ ਪੈਨਸ਼ਨ ਨਾਲ ਸਬੰਧਤ ਕੰਮ ਲਈ ਸੋਸ਼ਲ ਸਕਿਓਰਿਟੀ ਦਫਤਰ ਪਹੁੰਚੇ। ਜਿੱਥੇ ਬਜ਼ੁਰਗਾਂ ਦੀ ਪੈਨਸ਼ਨ ਨਾਲ ਸਬੰਧਤ ਕੰਮਕਾਰ ਲਈ ਪਬਲਿਕ ਡੇ ਫਿਕਸ ਹੋਣ ਕਾਰਨ ਕਾਫੀ ਭੀੜ ਸੀ। ਰਮੇਸ਼ ਲਾਲ ਉਪਰ ਦਫਤਰ ਦੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਦਫਤਰ ਵਿਚ ਆਉਂਦੇ ਹੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਨਾਲ ਗੁੱਸੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਟੋਕਨ ਸਿਸਟਮ ਨਾਲ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਦੇ ਬੈਠਣ ਦੀ ਉਚਿੱਤ ਵਿਵਸਥਾ ਕਿਉਂ ਨਹੀਂ ਹੈ। ਕੰਮਕਾਰ ਸਹੀ ਢੰਗ ਨਾਲ ਕਿਉਂ ਨਹੀਂ ਹੋ ਰਿਹਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ਨੇ ਦਫਤਰ ਦੇ ਮੁਲਾਜ਼ਮਾਂ, ਜਿਨ੍ਹਾਂ ਵਿਚ ਇਕ ਮਹਿਲਾ ਕਰਮਚਾਰੀ ਵੀ ਸ਼ਾਮਲ ਹੈ, ਉਸ ਨਾਲ ਮਾੜਾ ਵਤੀਰਾ ਕੀਤਾ ਅਤੇ ਖੁਦ ਨੂੰ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਪੀ. ਏ. ਦੱਸ ਕੇ ਖੂਬ ਰੋਅਬ ਵੀ ਝਾੜਿਆ ਅਤੇ ਕਿਹਾ ਕਿ ਜੇਕਰ ਉਸਦਾ ਕੰਮ ਤੁਰੰਤ ਨਾ ਕੀਤਾ ਗਿਆ ਤਾਂ ਇਸਦਾ ਅੰਜਾਮ ਚੰਗਾ ਨਹੀਂ ਹੋਵੇਗਾ। ਇੰਨਾ ਹੀ ਨਹੀਂ ਮੌਕੇ 'ਤੇ ਗੱਲ ਵਧਣ 'ਤੇ ਉਸਨੇ ਫੋਨ 'ਤੇ ਆਪਣੇ ਇਲਾਕੇ ਦੇ ਕੁਝ ਲੋਕਾਂ ਨੂੰ ਫੋਨ ਕਰਕੇ ਬੁਲਾਇਆ ਅਤੇ ਬੂਟਾ ਮੰਡੀ ਤੋਂ ਬਦਮਾਸ਼ ਬੁਲਾਉਣ ਦੀ ਵੀ ਧਮਕੀ ਦਿੱਤੀ। ਦਫਤਰ ਦੇ ਮੁਲਾਜ਼ਮਾਂ ਨੇ ਰਮੇਸ਼ ਲਾਲ ਨੂੰ ਏਜੰਟ ਦੱਸਦੇ ਹੋਏ ਕਿਸੇ ਹੋਰ ਦੇ ਕੰਮ ਨੂੰ ਲੈ ਕੇ ਬਿਨਾਂ ਕਾਰਨ ਝਗੜਾ ਕਰਨ ਦੇ ਦੋਸ਼ ਵੀ ਲਾਏ।
ਮਾਮੂਲੀ ਝਗੜੇ ਨੇ ਧਾਰਨ ਕੀਤਾ ਵਿਕਰਾਲ ਰੂਪ, ਬੰਦੀ ਬਣਾਏ ਜਾਣ ਸਬੰਧੀ ਡੀ. ਸੀ. ਨੂੰ ਕੀਤਾ ਫੋਨ : ਇਕ ਬੇਹੱਦ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਨੇ ਕੁਝ ਹੀ ਸਮੇਂ ਵਿਚ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਰਮੇਸ਼ ਲਾਲ ਨੇ ਮੌਕੇ ਤੋਂ ਹੀ ਡੀ. ਸੀ. ਨੂੰ ਫੋਨ ਕਰਕੇ ਸੋਸ਼ਲ ਸਕਿਓਰਿਟੀ ਦਫਤਰ ਦੇ ਮੁਲਾਜ਼ਮਾਂ ਦੁਆਰਾ ਉਸਨੂੰ ਜ਼ਬਰਦਸਤੀ ਬੰਦੀ ਬਣਾਏ ਜਾਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਛੁਡਾਉਣ ਦੀ ਗੁਹਾਰ ਲਗਾਈ। ਰਮੇਸ਼ ਲਾਲ ਨੇ ਦਫਤਰ ਦੇ ਇਕ ਮੁਲਾਜ਼ਮ ਵੇਦ ਪ੍ਰਕਾਸ਼ ਜੋ ਕਿ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪੀ. ਏ. ਦੇ ਤੌਰ 'ਤੇ ਕੰਮ ਕਰ ਚੁੱਕਾ ਹੈ, ਉਸ ਉਪਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਨਿਗਮ ਵਿਚ ਕੰਮ ਕਰਦੇ ਹੋਏ ਪੀ. ਏ. ਦੇ ਅਹੁਦੇ 'ਤੇ ਕੰਮ ਨਹੀਂ ਕਰ ਸਕਦਾ ਹੈ। ਵੇਦ ਪ੍ਰਕਾਸ਼ ਨੇ ਸਰਕਾਰੀ ਮੁਲਾਜ਼ਮ ਰਹਿੰਦੇ ਹੋਏ ਵੀ 2-2 ਜਗ੍ਹਾ 'ਤੇ ਤਨਖਾਹ ਲਈ ਹੈ ਜੋ ਕਿ ਗੈਰ-ਕਾਨੂੰਨੀ ਹੈ ਕਿਉਂਕਿ ਉਹ ਇਕ ਤਨਖਾਹ ਪੰਜਾਬ ਸਰਕਾਰ ਤੋਂ ਲੈਂਦਾ ਰਿਹਾ ਹੈ ਅਤੇ ਦੂਸਰੀ ਕੇਂਦਰੀ ਮੰਤਰੀ ਦੇ ਪੀ. ਏ. ਨੂੰ ਮਿਲਣ ਵਾਲੀ ਸੈੱਲਰੀ ਵੀ ਰਸੀਵ ਕਰਦਾ ਰਿਹਾ ਹੈ। ਰਮੇਸ਼ ਨੇ ਕਿਹਾ ਕਿ ਉਹ ਇਸ ਸਬੰਧੀ ਵਿਜੇ ਸਾਂਪਲਾ ਅਤੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ।
ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੁਕਿਆ ਰਿਹਾ ਦਫਤਰ ਦਾ ਕੰਮਕਾਜ : ਹਾਈ ਪ੍ਰੋਫਾਈਲ ਡਰਾਮੇ ਕਾਰਨ ਸੋਸ਼ਲ ਸਕਿਓਰਿਟੀ ਦਫਤਰ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਕੋਈ ਕੰਮ ਨਹੀਂ ਹੋ ਸਕਿਆ। ਆਪਣੇ-ਆਪਣੇ ਪੈਨਸ਼ਨ ਸਬੰਧੀ ਕੰਮਕਾਜ ਨੂੰ ਲੈ ਕੇ ਦਫਤਰ ਆਏ ਬਜ਼ੁਰਗਾਂ ਨੂੰ ਇਸ ਕਾਰਨ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਭਾਜਪਾ ਨੇਤਾ ਦੇ ਦਫਤਰ 'ਚ ਰਾਜ਼ੀਨਾਮੇ ਦੀ ਚਰਚਾ : ਡੀ. ਸੀ. ਦਫਤਰ ਅੰਦਰ ਇਸ ਗੱਲ ਨੂੰ ਲੈ ਕੇ ਚਰਚਾ ਜਾਰੀ ਰਹੀ ਕਿ ਦੇਰ ਸ਼ਾਮ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਕਰੀਬੀ ਇਕ ਭਾਜਪਾ ਨੇਤਾ ਦੇ ਦਫਤਰ ਵਿਚ ਦੋਵਾਂ ਧਿਰਾਂ ਦੇ ਵਿਚਕਾਰ ਰਾਜ਼ੀਨਾਮਾ ਹੋ ਗਿਆ ਹੈ ਪਰ ਅਧਿਕਾਰਤ ਤੌਰ 'ਤੇ ਕਿਸੇ ਨੇ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਮੈਂ ਖੁਦ ਨੂੰ ਸਾਂਪਲਾ ਦਾ ਪੀ. ਏ. ਨਹੀਂ ਦੱਸਿਆ, ਨਾ ਹੀ ਕੀਤਾ ਕੋਈ ਝਗੜਾ : ਰਮੇਸ਼ ਲਾਲ : ਰਮੇਸ਼ ਲਾਲ ਕਾਲਾ ਨੇ ਕਿਹਾ ਕਿ ਉਹ ਕੋਈ ਏਜੰਟ ਨਹੀਂ ਹੈ, ਸਿਰਫ ਪਬਲਿਕ ਦੀ ਸੇਵਾ ਕਰਨ ਲਈ ਦਫਤਰਾਂ ਵਿਚ ਜਾਂਦੇ ਹਨ। ਇਕ ਜਾਣਕਾਰ ਦੇ ਪੈਨਸ਼ਨ ਸਬੰਧੀ ਕੰਮ ਨੂੰ ਲੈ ਕੇ ਉਹ ਸੋਸ਼ਲ ਸਕਿਓਰਿਟੀ ਦਫਤਰ ਗਏ ਸਨ,ਜਿੱਥੇ ਬਿਨਾਂ ਮਤਲਬ ਉਨ੍ਹਾਂ ਨਾਲ ਝਗੜਾ ਕੀਤਾ ਗਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉਹ ਕਾਫੀ ਦੇਰ ਪਹਿਲਾਂ ਭਾਜਪਾ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਉਨ੍ਹਾਂ ਨੇ ਕਦੇ ਵੀ ਸਾਂਪਲਾ ਦੇ ਪੀ. ਏ. ਹੋਣ ਦਾ ਦਾਅਵਾ ਨਹੀਂ ਕੀਤਾ। ਇਹ ਸਰਾਸਰ ਝੂਠ ਹੈ ਅਤੇ ਬੇਬੁਨਿਆਦ ਹੈ। ਰਮੇਸ਼ ਨੇ ਕਿਸੇ ਭਾਜਪਾ ਨੇਤਾ ਦੇ ਦਫਤਰ ਵਿਚ ਰਾਜ਼ੀਨਾਮੇ ਦੀ ਗੱਲ ਤੋਂ ਵੀ ਸਾਫ ਤੌਰ 'ਤੇ ਇਨਕਾਰ ਕੀਤਾ ਹੈ।
ਨਾਹਿਦ ਦੇ ਕਤਲ ਮਾਮਲੇ 'ਚ ਪੁਲਸ ਨੂੰ ਕਿਸੇ ਜਾਣਕਾਰ 'ਤੇ ਸ਼ੱਕ
NEXT STORY