ਗੋਨਿਆਣਾ (ਗੋਰਾ ਲਾਲ) : ਥਾਣਾ ਨੇਹੀਆਂਵਾਲਾ ਅਧੀਨ ਪੈਂਦੀ ਪੁਲਸ ਚੌਂਕੀ ਗੋਨਿਆਣਾ ਮੰਡੀ ਇੰਚਾਰਜ ਮੋਹਨਦੀਪ ਸਿੰਘ ਦੀ ਅਗਵਾਈ ਵਿਚ ਪੁਲਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਲਕਾ ਭੁੱਚੋ ਦੇ ‘ਆਪ’ ਪਾਰਟੀ ਦੇ ਐੱਮ. ਐੱਲ. ਏ. ਮਾਸਟਰ ਜਗਸੀਰ ਸਿੰਘ ਬਣ ਕੇ ਫੋਨ ਕਰਨ ਵਾਲੇ ਇਕ ਨੌਸਰਬਾਜ਼ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਨਦੀਪ ਸਿੰਘ ਚੌਂਕੀ ਇੰਚਾਰਜ ਗੋਨਿਆਣਾ ਮੰਡੀ ਨੇ ਦੱਸਿਆ ਕਿ ਪਿਛਲੇ ਦਿਨੀਂ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿਚ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਜਿਨ੍ਹਾਂ ’ਤੇ ਧਾਰਾ 109 ਲਗਾ ਕੇ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ ਸੀ।
ਇਸ ਸਬੰਧ ਵਿਚ ਇਕ ਨੌਜਵਾਨ ਆਪਣੇ ਆਪ ਨੂੰ ਹਲਕੇ ਦਾ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸ ਰਿਹਾ ਸੀ, ਉਹ ਸਾਨੂੰ ਆ ਕੇ ਮਿਲਿਆ। ਜਦੋਂ ਅਸੀਂ ਉਸ ਨੂੰ ਉਨ੍ਹਾਂ ਨੌਜਵਾਨਾਂ ਦੀ ਜ਼ਮਾਨਤ ਕਰਵਾਉਣ ਬਾਰੇ ਗੱਲ ਕਹੀ ਤਾਂ ਉਸ ਵੱਲੋਂ ਕੁੱਝ ਸਮੇਂ ਬਾਅਦ ਫਿਰ ਫੋਨ ਕੀਤਾ ਗਿਆ ਅਤੇ ਐੱਮ. ਐੱਲ. ਏ. ਜਗਸੀਰ ਸਿੰਘ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ’ਤੇ ਉਕਤ ਵਿਅਕਤੀ ਨਾਲ ਗੱਲ ਕੀਤੀ, ਜੋ ਕਿ ਮਾਸਟਰ ਜਗਸੀਰ ਸਿੰਘ ਬਣ ਕੇ ਗੱਲ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੈਨੂੰ ਆਪਣੇ ਤਜ਼ਰਬੇ ਮੁਤਾਬਕ ਉਸ ਆਵਾਜ਼ ’ਤੇ ਕੁੱਝ ਸ਼ੱਕ ਹੋਇਆ, ਜੋ ਕਿ ਬਹੁਤ ਹੀ ਤਲਖ਼ ਲਹਿਜ਼ੇ ਵਿਚ ਗੱਲ ਕਰ ਰਿਹਾ ਸੀ ਅਤੇ ਮੈਂ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਇਹ ਆਵਾਜ਼ ਕਿਸੇ ਹੋਰ ਆਦਮੀ ਦੀ ਲੱਗੀ।
ਜਦੋਂ ਅਸੀਂ ਸਬੰਧਿਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਇਸ ਗੱਲ ’ਤੇ ਹੈਰਾਨਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਮੈਂ ਤਾਂ ਪਿਛਲੇ ਦਿਨੀਂ ਕਿਸੇ ਧਾਰਮਿਕ ਜਗ੍ਹਾ ’ਤੇ ਮੱਥਾ ਟੇਕਣ ਲਈ ਗਿਆ ਹੋਇਆ ਸੀ ਅਤੇ ਹਵਾਈ ਸਫ਼ਰ ਰਾਹੀਂ ਗਿਆ ਸੀ, ਜਿੱਥੇ ਫੋਨ ਦੀ ਵਰਤੋਂ ਹੀ ਨਹੀਂ ਕੀਤੀ ਗਈ ਅਤੇ ਨਾ ਹੀ ਮੈਂ ਕਿਸੇ ਨੂੰ ਛੁਡਵਾਉਣ ਲਈ ਕੋਈ ਫੋਨ ਕੀਤਾ ਹੈ। ਪੂਰੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨੂੰ ਫੜ੍ਹ ਲਿਆ ਗਿਆ, ਜਿਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ। ਪ੍ਰਸ਼ਾਸਨ ਅਨੁਸਾਰ ਥਾਣਾ ਨੇਹੀਆਂਵਾਲਾ ਅਧੀਨ ਪੈਂਦੀ ਚੌਂਕੀ ਗੋਨਿਆਣਾ ਮੰਡੀ ਦੇ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
NEXT STORY