ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ 2019 ਚੋਣਾਂ ਦੀਆਂ ਤਿਆਰੀਆਂ 'ਚ ਜੁਟ ਗਈ ਹੈ, ਜਿਸ ਕਾਰਨ ਅੰਦਰਖਾਤੇ ਨਾਰਾਜ਼ ਅਤੇ ਪਾਰਟੀ ਦੇ ਪੁਰਾਣੇ ਵਾਲੰਟੀਅਰਾਂ ਅਤੇ ਨੇਤਾਵਾਂ ਨੂੰ ਮਨਾਉਣ ਲਈ ਪੂਰੀ ਯੋਜਨਾਬੱਧੀ ਕੀਤੀ ਗਈ ਹੈ। ਜਲੰਧਰ 'ਚ ਇਹ ਯੋਜਨਾ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ 'ਆਪ' ਪਾਰਟੀ ਨੇ ਜਲੰਧਰ ਦੇ ਇਕ ਨੌਜਵਾਨ ਨੇਤਾ ਨੂੰ ਪਟਾ ਲਿਆ ਹੈ। ਸੂਤਰਾਂ ਮੁਤਾਬਕ ਉਕਤ ਨੌਜਵਾਨ ਨੇਤਾ 'ਆਪ' ਨਾਲ ਸ਼ੁਰੂਆਤੀ ਦਿਨਾਂ ਤੋਂ ਹੀ ਜੁੜਿਆ ਹੋਇਆ ਸੀ ਪਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਤੋਂ ਨਾਰਾਜ਼ ਹੋ ਕੇ ਉਹ 'ਆਪ' ਨੂੰ ਛੱਡ ਕੇ ਇਕ ਹੋਰ ਪਾਰਟੀ 'ਚ ਸ਼ਾਮਲ ਹੋ ਗਿਆ ਸੀ।
ਸੂਤਰਾਂ ਅਨੁਸਾਰ ਪਾਰਟੀ ਦੇ ਕੁਝ ਨੇਤਾਵਾਂ ਵੱਲੋਂ ਕਈ ਦਿਨਾਂ ਤੋਂ ਲਗਾਤਾਰ ਉਕਤ ਨੇਤਾ ਨਾਲ ਸੰਪਰਕ ਕੀਤਾ ਜਾ ਰਿਹਾ ਸੀ, ਆਖਿਰ ਪਾਰਟੀ ਆਪਣੇ ਨਾਰਾਜ਼ ਨੇਤਾ ਨੂੰ ਮਨਾਉਣ 'ਚ ਕਾਮਯਾਬ ਹੋ ਗਈ ਹੈ ਅਤੇ ਜਲਦ ਹੀ ਉਸ ਨੌਜਵਾਨ ਨੇਤਾ ਅਤੇ ਉਸ ਨੂੰ ਹੋਰ ਸਾਥੀਆਂ ਸਮੇਤ ਪਾਰਟੀ 'ਚ ਵਾਪਸ ਲਿਆਂਦਾ ਜਾਵੇਗਾ। ਪਾਰਟੀ ਵੱਲੋਂ ਉਕਤ ਨੌਜਵਾਨ ਨੇਤਾ ਨੂੰ ਜ਼ਿਲਾ ਯੂਥ ਇਕਾਈ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਉਕਤ ਨੌਜਵਾਨ ਨੇਤਾ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਲਈ ਨੌਜਵਾਨਾਂ ਨੂੰ ਐਕਟਿਵ ਕੀਤਾ ਜਾ ਸਕੇ।
ਖਹਿਰਾ ਧੜੇ 'ਚ ਸੰਨ੍ਹ ਲਗਾਉਣ ਦੀ ਕੋਸ਼ਿਸ਼
ਸੂਤਰਾਂ ਅਨੁਸਾਰ ਪਾਰਟੀ ਵੱਲੋਂ ਖਹਿਰਾ ਧੜੇ 'ਚ ਜਾ ਕੇ ਬਾਗੀ ਹੋਏ ਵਿਧਾਇਕਾਂ ਨਾਲ ਵੀ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਉਨ੍ਹਾਂ ਨੂੰ ਵਾਪਸ ਲਿਆਇਆ ਜਾ ਸਕੇ। ਪਾਰਟੀ ਖਹਿਰਾ ਦੇ ਨਾਲ ਮਿਲੇ 8 ਵਿਚੋਂ ਇਕ ਵਿਧਾਇਕ ਰੋਡੀ ਨੂੰ ਤਾਂ ਮਨਾਉਣ 'ਚ ਕਾਮਯਾਬ ਹੋ ਗਈ ਹੈ ਪਰ 7 ਵਿਧਾਇਕ ਹੁਣ ਵੀ ਖਹਿਰਾ ਦੇ ਨਾਲ ਚੱਲ ਰਹੇ ਹਨ। ਅਗਲੇ ਮਹੀਨੇ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ 2 ਹੋਰ ਨਾਰਾਜ਼ ਵਿਧਾਇਕਾਂ ਨੂੰ ਖਹਿਰਾ ਧੜੇ ਤੋਂ ਵਾਪਸ ਲਿਆਇਆ ਜਾ ਸਕਦਾ ਹੈ ਬਸ ਹੁਣ ਕੁਝ ਸ਼ਰਤਾਂ 'ਤੇ ਗੱਲ ਅੜੀ ਹੋਈ ਹੈ। ਦੇਖਣਾ ਹੋਵੇਗਾ ਕਿ 'ਆਪ' ਪਾਰਟੀ ਖਹਿਰਾ ਧੜੇ 'ਚ ਸੰਨ੍ਹ ਲਗਾਉਣ 'ਚ ਕਿੰਨੀ ਕਾਮਯਾਬ ਹੁੰਦੀ ਹੈ।
'ਤੀਜੀ ਅੱਖ' ਦੀ ਨਿਗਰਾਨੀ 'ਚ ਹੋਵੇਗਾ ਆਰ.ਟੀ.ਏ. ਦਾ ਦਫਤਰ
NEXT STORY