ਜਲੰਧਰ (ਮ੍ਰਿਦੁਲ, ਸੋਨੂੰ, ਸ਼ੋਰੀ)— ਜਲੰਧਰ ਵੈਸਟ ਹਲਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਬਸਤੀ ਦਾਨਿਸ਼ਮੰਦਾਂ ਵਿਖੇ ਇਕ ਕਮਰੇ ’ਚੋਂ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਗੰਨਮੈਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਪਵਨ (28) ਪੁੱਤਰ ਜਸਵਿੰਦਰ ਸਿੰਘ ਨਿਵਾਸੀ ਪਿੰਡ ਮਹਿਤਪੁਰ ਵਜੋਂ ਹੋਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਪਵਨ ਕੁਮਾਰ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਵਨ ਦਾ ਘੇਰਲੂ ਕਲੇਸ਼ ਚੱਲ ਰਿਹਾ ਸੀ। ਪਿਛਲੇ 9 ਦਿਨਾਂ ਤੋਂ ਉਹ ਛੁੱਟੀ ’ਤੇ ਸੀ ਅਤੇ ਅੱਜ ਹੀ ਕੰਮ ’ਤੇ ਪਰਤਿਆ ਸੀ। ਇਸੇ ਦੌਰਾਨ ਉਸ ਨੇ ਕਮਰੇ ’ਚ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਵਨ ਸੀਨੀਅਰ ਕਾਂਸਟੇਬਲ ਸੀ, ਜਿਸ ਦੀ ਡਿਊਟੀ ‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਦੇ ਨਾਲ ਸੀ। ਕੁਝ ਦਿਨਾਂ ਤੋਂ ਗੰਨਮੈਨ ਬੀਮਾਰ ਚੱਲ ਰਿਹਾ ਸੀ ਅਤੇ ਡਿਊਟੀ ’ਤੇ ਨਹੀਂ ਆ ਰਿਹਾ ਸੀ। ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਵਾਰ-ਵਾਰ ਫੋਨ ਕਰਨ ’ਤੇ ਵੀ ਗੰਨਮੈਨ ਪਵਨ ਨੇ ਫੋਨ ਨਾ ਚੁੱਕਿਆ। ਦਫ਼ਤਰ ’ਚ ਕੰਮ ਕਰਨ ਵਾਲੇ ਨੌਜਵਾਨ ਨੇ ਵੇਖਿਆ ਕਿ ਗੰਨਮੈਨ ਦੀ ਲਾਸ਼ ਖ਼ੂਨ ’ਚ ਲਥਪਥ ਬੈੱਡ ’ਤੇ ਪਈ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ ਨੂੰ ਮਿਲਿਆ ਨਵਾਂ ਪੁਲਸ ਕਮਿਸ਼ਨਰ, IPS ਅਧਿਕਾਰੀ ਗੁਰਸ਼ਰਨ ਸਿੰਘ ਸੰਭਾਲਣਗੇ ਕਮਾਨ
ਇਸ ਘਟਨਾ ਦਾ ਦੂਜਾ ਪਹਿਲੂ ਇਹ ਹੈ ਕਿ ਸਵੇਰੇ ਗੰਨਮੈਨ ਪਵਨ ਦੇ ਚਾਚੇ ਨੇ ਥਾਣੇ ’ਚ ਵਿਧਾਇਕ ਸ਼ੀਤਲ ਅੰਗੂਰਾਲ ’ਤੇ ਉਨ੍ਹਾਂ ਦੇ ਬੇਟੇ ਨੂੰ ਗੋਲ਼ੀ ਮਰਵਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਵਨ ਬੀਮਾਰ ਹੋਣ ਕਾਰਨ ਡਿਊਟੀ ’ਤੇ ਨਹੀਂ ਆਉਣਾ ਚਾਹੁੰਦਾ ਸੀ। ਉਸ ਨੂੰ ਜ਼ਬਰਦਸਤੀ ਬੁਲਾਇਆ ਗਿਆ ਪਰ ਸ਼ਾਮ ਨੂੰ ਜਾਰੀ ਇਕ ਵੀਡੀਓ ’ਚ ਚਾਚੇ ਨੇ ਕਿਹਾ ਕਿ ਗੰਨਮੈਨ ਪਵਨ ਦੀ ਮੌਤ ਦੇ ਮਾਮਲੇ ’ਚ ਐੱਮ. ਐੱਲ. ਏ. ਬੇਕਸੂਰ ਹੈ।
ਮਾਂ ਨੇ ਬਿਆਨਾਂ ’ਚ ਕਿਹਾ-ਮੇਰੇ ਬੇਟੇ ਦੀ ਕਿਸੇ ਨਾਲ ਨਹੀਂ ਸੀ ਦੁਸ਼ਮਣੀ
ਜਾਂਚ ਅਧਿਕਾਰੀ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਵਿਧਾਇਕ ਨੇ ਕਿਸੇ ਸਮਾਰੋਹ ’ਤੇ ਜਾਣਾ ਸੀ ਅਤੇ ਬਾਕੀ ਗੰਨਮੈਨ ਤਿਆਰ ਹੋ ਚੁੱਕੇ ਸਨ। ਪਵਨ ਕੁਮਾਰ ਨੇ ਬਾਕੀ ਗੰਨਮੈਨਾਂ ਨੂੰ ਕਿਹਾ ਕਿ ਉਹ ਤਿਆਰ ਹੋ ਕੇ ਸਮਾਰੋਹ ਵਿਚ ਪਹੁੰਚ ਜਾਵੇਗਾ। ਕਾਫ਼ੀ ਸਮੇਂ ਤੱਕ ਉਹ ਨਾ ਪੁੱਜਾ ਤਾਂ ਉਸ ਦੇ ਮੋਬਾਇਲ ’ਤੇ ਫੋਨ ਕਰਨ ’ਤੇ ਕਿਸੇ ਨੇ ਕਾਲ ਰਿਸੀਵ ਨਹੀਂ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪਵਨ ਦੀ ਮਾਂ ਨੀਲਮ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਵੀ ਸਾਫ ਕਿਹਾ ਕਿ ਉਸ ਦੇ ਬੇਟੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਹੈ।
ਇਸ ਦੇ ਨਾਲ ਹੀ ਪਵਨ ਦੇ ਸਾਥੀ ਗੰਨਮੈਨਾਂ ਨੇ ਵੀ ਦੱਸਿਆ ਕਿ ਪਵਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਆਪਣੀ ਏ. ਕੇ. 47 ਰਾਈਫਲ ਦੀ ਸਫ਼ਾਈ ਕਰਨ ਤੋਂ ਬਾਅਦ ਆਵੇਗਾ। ਪੁਲਸ ਜਾਂਚ ’ਚ ਇਹ ਗੱਲ ਸਾਬਿਤ ਹੁੰਦੀ ਹੈ ਕਿ ਏ. ਕੇ. 47 ਰਾਈਫਲ ਸਾਫ਼ ਕਰਨ ਦੌਰਾਨ ਗੋਲੀ ਚੱਲੀ ਅਤੇ ਪਵਨ ਦੀ ਛਾਤੀ ਵਿਚੋਂ ਆਰ-ਪਾਰ ਹੋ ਗਈ। ਇਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਸ਼ੁੱਕਰਵਾਰ ਨੂੰ ਡਾਕਟਰਾਂ ਦੀ ਟੀਮ ਲਾਸ਼ ਦਾ ਪੋਸਟਮਾਰਟਮ ਕਰੇਗੀ।
ਚਾਚੇ ਨੇ ਕਿਹਾ-ਭਾਵੁਕ ਹੋ ਕੇ ਗਲਤ ਬਿਆਨ ਦੇ ਬੈਠਾ
ਮ੍ਰਿਤਕ ਪਵਨ ਦੇ ਚਾਚੇ ਬਲਬੀਰ ਨੇ ਗੁੱਸੇ ਵਿਚ ਆ ਕੇ ਮੀਡੀਆ ਨੂੰ ਬਿਆਨ ਦਿੱਤਾ ਕਿ ਪਵਨ ਬੀਮਾਰ ਰਹਿੰਦਾ ਸੀ ਅਤੇ ਉਸ ਨੂੰ ਧੱਕੇ ਨਾਲ ਡਿਊਟੀ ’ਤੇ ਬੁਲਾਇਆ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੇ ਪਵਨ ਨੂੰ ਗੋਲ਼ੀ ਮਰਵਾਈ ਹੈ ਪਰ ਦੇਰ ਸ਼ਾਮ ਮੀਡੀਆ ਸਾਹਮਣੇ ਮ੍ਰਿਤਕ ਦੇ ਚਾਚੇ ਨੇ ਦੁਬਾਰਾ ਬਿਆਨ ਦਿੱਤੇ ਕਿ ਵਿਧਾਇਕ ਸ਼ੀਤਲ ਅੰਗੂਰਾਲ ਬੇਕਸੂਰ ਹੈ ਅਤੇ ਉਹ ਪਵਨ ਦਾ ਧਿਆਨ ਰੱਖਦੇ ਸਨ। ਉਹ ਗਲਤੀ ਨਾਲ ਭਾਵੁਕ ਹੋ ਕੇ ਪਹਿਲਾਂ ਗਲਤ ਬਿਆਨ ਦੇ ਬੈਠਾ।
ਪਵਨ ਮੇਰੇ ਛੋਟੇ ਭਰਾ ਵਰਗਾ ਸੀ: ਸ਼ੀਤਲ ਅੰਗੁਰਾਲ
ਵਿਧਾਇਕ ਸ਼ੀਤਲ ਅੰਗੁਰਾਲ ਨੇ ਮੀਡੀਆ ਨੂੰ ਦੱਸਿਆ ਕਿ ਪਵਨ ਕੁਮਾਰ ਮੇਰੇ ਛੋਟੇ ਭਰਾ ਵਰਗਾ ਸੀ। ਉਹ ਆਪਣੇ ਗੰਨਮੈਨਾਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਰੱਖਦੇ ਹਨ। ਪਵਨ ਦੀ ਮੌਤ ਰਾਈਫਲ ਸਾਫ਼ ਕਰਦਿਆਂ ਗੋਲੀ ਲੱਗਣ ਨਾਲ ਹੋਈ ਹੈ। ਫਿਰ ਵੀ ਜੇਕਰ ਉਸ ਨੂੰ ਕੋਈ ਸਮੱਸਿਆ ਸੀ, ਉਹ ਮੈਨੂੰ ਦੱਸ ਸਕਦਾ ਸੀ। ਜਨ-ਪ੍ਰਤੀਨਿਧੀ ਹੋਣ ਨਾਤੇ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਂਦੇ ਹਾਂ। ਜੇਕਰ ਕੋਈ ਸਮੱਸਿਆ ਸੀ ਤਾਂ ਉਸ ਨੂੰ ਵੀ ਸੁਲਝਾ ਲੈਂਦੇ।
ਇਹ ਵੀ ਪੜ੍ਹੋ: ਘੱਲੂਘਾਰੇ ਦੀ ਬਰਸੀ ਨੂੰ ਵੇਖਦੇ ਹੋਏ ਹਾਈ ਅਲਰਟ ’ਤੇ ਪੰਜਾਬ ਪੁਲਸ, DGP ਵੱਲੋਂ ਪੁਲਸ ਅਧਿਕਾਰੀਆਂ ਨੂੰ ਖ਼ਾਸ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਰਮਿੰਦਰ ਸਿੰਘ ਬਰਾੜ ਨੇ ਲਾਡੋਵਾਲ ਟੋਲ ਪਲਾਜ਼ਾ 'ਤੇ ਬੱਸ ਕੰਡਕਟਰ ਤੋਂ ਹੋਈ ਲੁੱਟ ਬਾਰੇ ਕੀਤਾ ਟਵੀਟ
NEXT STORY