ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਦੇ 27 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਸਰਦ ਰੁੱਤ ਸੈਸ਼ਨ ਲਈ ਆਮ ਆਦਮੀ ਪਾਰਟੀ (ਆਪ) ਨੇ ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਅੱਜ ਇਕ ਸੰਯੁਕਤ ਰਣਨੀਤੀ ਤਿਆਰ ਕੀਤੀ ਹੈ। ਦੋਵੇਂ ਪਾਰਟੀਆਂ ਦੀ ਬੈਠਕ ਅੱਜ ਇਥੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਆਪ ਦੇ ਪ੍ਰਦੇਸ਼ ਉਪ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਕੰਵਰ ਸੰਧੂ ਸਮੇਤ ਹੋਰ ਪ੍ਰਮੁੱਖ ਵਿਧਾਇਕ ਮੌਜੂਦ ਸਨ।
ਇਸ ਬੈਠਕ ਵਿਚ ਵਿਚਾਰ-ਚਰਚਾ ਤੋਂ ਬਾਅਦ ਵਿਧਾਨ ਸਭਾ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ। ਮੁੱਖ ਤੌਰ 'ਤੇ 8 ਮੁੱਦੇ ਪ੍ਰਮੁੱਖਤਾ ਨਾਲ ਉਠਾਉਣ ਦਾ ਫੈਸਲਾ ਕੀਤਾ ਗਿਆ। ਜਨ ਮੁੱਦਿਆਂ ਤੇ ਰਾਜ ਦੀ ਸ਼ਾਂਤੀ ਵਿਵਸਥਾ ਸਮੇਤ ਹੋਰ ਸਾਰੇ ਮਾਮਲਿਆਂ 'ਤੇ ਕੈਪਟਨ ਸਰਕਾਰ ਨੂੰ ਮਜ਼ਬੂਤੀ ਨਾਲ ਦਲੀਲ ਸਮੇਤ ਘੇਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਮੈਂਬਰਾਂ ਦਾ ਵਿਚਾਰ ਸੀ ਕਿ ਜੇਕਰ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦਾ ਯਤਨ ਕੀਤਾ ਗਿਆ ਤਾਂ ਇਸ ਦਾ ਵੀ ਪੂਰੀ ਸ਼ਕਤੀ ਨਾਲ ਸਦਨ ਦੇ ਅੰਦਰ ਹੀ ਮੁਕਾਬਲਾ ਕੀਤਾ ਜਾਵੇਗਾ। ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਵੀ ਕੀਤੀ ਜਾਵੇਗੀ। ਪਾਰਟੀ ਵਿਧਾਇਕ ਖਹਿਰਾ ਖਿਲਾਫ਼ ਉਠਣ ਵਾਲੇ ਨਸ਼ਿਆਂ ਸਬੰਧੀ ਮਾਮਲੇ ਵਿਚ ਉਨ੍ਹਾਂ ਦਾ ਬਚਾਅ ਕਰਨਗੇ। 'ਆਪ' ਦਾ ਮੰਨਣਾ ਹੈ ਕਿ ਖਹਿਰਾ ਨੂੰ ਜਾਣਬੁੱਝ ਕੇ ਬਦਲੇ ਦੀ ਭਾਵਨਾ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅੱਤਵਾਦੀ ਹਮਲੇ ਦੇ ਮਾਮਲੇ ਵਿਚ ਐੱਨ. ਆਰ. ਆਈ. ਜੱਗੀ ਜੌਹਲ ਦੀ ਗ੍ਰਿਫ਼ਤਾਰੀ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਸਦਨ ਵਿਚ ਉਠਾਈ ਜਾਵੇਗੀ।
28 ਨੂੰ ਮੋਹਾਲੀ 'ਚ ਰਾਜ ਭਰ ਦੇ ਕਰਮਚਾਰੀ ਕਰਨਗੇ ਰੋਸ ਰੈਲੀ
NEXT STORY