ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਪਰਿਵਾਰ ਸਮੇਤ ਵੋਟਿੰਗ ਕਰਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਾਰੇ ਲੋਕ ਮੇਰਾ ਸਾਥ ਦੇ ਰਹੇ ਹਨ।
ਕਾਂਗਰਸ ਵੱਲੋਂ ਬੂਥ ਕੈਪਚਰਿੰਗ ਕਰਨ ਲਾਏ ਗਏ ਦੋਸ਼ਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਜੇ ਤੱਕ ਕੋਈ ਇਹੋ ਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ। ਪਿਛਲੀਆਂ ਚੋਣਾਂ ਤੁਸੀਂ ਵੇਖ ਸਕਦੇ ਹੋ ਕਿ ਇਥੇ ਇਹੋ ਜਿਹੀ ਘਟਨਾ ਕੋਈ ਵੀ ਸਾਹਮਣੇ ਨਹੀਂ ਆਈ ਹੋਵੇਗੀ। ਦੋਆਬੇ ਦੇ ਲੋਕ ਤਾਂ ਉਂਝ ਹੀ ਬੇਹੱਦ ਸ਼ਾਂਤੀ ਪਸੰਦ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਪਾਰਟੀ ਦਾ ਆਪਣਾ ਹੀ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ Live Update: ਸ਼ੁਰੂ ਹੋਈ ਵੋਟਿੰਗ, 19 ਉਮੀਦਵਾਰ ਚੋਣ ਮੈਦਾਨ 'ਚ
ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਕੇ ਚੋਣਾਂ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਵੋਟਰਾਂ 'ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ। 13 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਸਾਹਮਣੇ ਆਉਣਗੇ। ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ-ਬਸਪਾ ਗੱਠਜੋੜ ਸਮੇਤ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਆਗੂ ਪਰਗਟ ਸਿੰਘ ਨੇ ਪਾਈ ਵੋਟ (ਵੀਡੀਓ)
NEXT STORY