ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਰਵਾਈ ਗਈ ਰਾਇਸ਼ੁਮਾਰੀ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਿਹਰੇ ਲਈ ਆਮ ਆਦਮੀ ਪਾਰਟੀ ਨੇ ਝੂਠੀ ਮੁਹਿੰਮ ਚਲਾਈ, ਜਿਸਦਾ ਹੁਣ ਪਰਦਾਫਾਸ਼ ਹੋ ਗਿਆ ਹੈ। ਸਿੱਧੂ ਨੇ ਇਸਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਹੈ ਅਤੇ ਚੋਣ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ ਲੋਕਾਂ ਦੀ ਪਸੰਦ ਨਾਲ ਆਪਣੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਚੁਣਨ ਲਈ ਇੱਕ ਨਿੱਜੀ ਫੋਨ ਨੰਬਰ ਜਾਰੀ ਕੀਤਾ ਸੀ। ਆਮ ਆਦਮੀ ਪਾਰਟੀ ਨੇ 4 ਦਿਨਾਂ ਅੰਦਰ 21,59, 475 ਲੋਕਾਂ ਦੀ ਰਾਏ ਲੈਣ ਤੋਂ ਬਾਅਦ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਪਰ ਤੱਥਾਂ ਦੇ ਆਧਾਰ ’ਤੇ ਇਨ੍ਹਾਂ ਅੰਕੜਿਆਂ ਦਾ ਹਿਸਾਬ-ਕਿਤਾਬ ਠੀਕ ਨਹੀਂ ਬੈਠਦਾ ਹੈ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਈ. ਡੀ. ਰਾਹੀਂ ਗ੍ਰਿਫਤਾਰ ਕਰਨ ਵਾਲੀ ਹੈ ਭਾਜਪਾ: ਕੇਜਰੀਵਾਲ
ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਬਾਦੀ 2 ਕਰੋੜ ਤੋਂ ਜ਼ਿਆਦਾ ਹੈ ਅਤੇ ਜੇਕਰ ਇਹ ਮੰਨ ਲਿਆ ਜਾਵੇ ਕਿ 4 ਦਿਨਾਂ ਵਿਚ ਕਰੀਬ 22 ਲੱਖ ਲੋਕਾਂ ਦੀ ਰਾਏ ਮਿਲੀ ਤਾਂ ਵੀ ਇਹ ਅੰਕੜੇ ਦਰੁਸਤ ਨਹੀਂ ਲੱਗਦੇ। ਅਜਿਹਾ ਇਸ ਲਈ ਹੈ ਕਿ ਇੱਕ ਪ੍ਰਾਈਵੇਟ ਮੋਬਾਇਲ ਫੋਨ ਨੰਬਰ ’ਤੇ ਇੰਨੇ ਜ਼ਿਆਦਾ ਜਵਾਬ ਸੁਣੇ ਜਾਂ ਰਿਸੀਵ ਨਹੀਂ ਹੋ ਸਕਦੇ ਹਨ। ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਦਾਅਵਾ ਕੀਤਾ ਹੈ, ਉਸ ਮੁਤਾਬਕ 24 ਘੰਟਿਆਂ ਵਿਚ ਪ੍ਰਤੀ ਸੈਕੰਡ 8 ਤੋਂ 12 ਜਵਾਬ ਪ੍ਰਾਪਤ ਹੋਏ ਹੋਣਗੇ, ਜੋ ਸੰਭਵ ਨਹੀਂ ਹਨ ਕਿਉਂਕਿ ਇੱਕ ਕਾਲ ਨੂੰ ਘੱਟ ਤੋਂ ਘੱਟ 15 ਸੈਕੰਡ ਲੱਗਦੇ ਹਨ। ਮੈਸੇਜ ਨੂੰ ਪੜ੍ਹਨ ਵਿਚ ਵੀ ਕਈ ਸੈਕੰਡ ਲੱਗਦੇ ਹਨ। ਇਸ ਹਿਸਾਬ ਨਾਲ ਇੱਕ ਦਿਨ ਵਿਚ ਕਰੀਬ 5760 ਜਵਾਬ ਹੀ ਸੁਣੇ ਜਾਂ ਰਿਸੀਵ ਜਾਂ ਰਿਕਾਰਡ ਕੀਤੇ ਜਾ ਸਕਦੇ ਹਨ। ਇਸਤੋਂ ਜ਼ਿਆਦਾ ਦਾ ਬੋਝ ਇੱਕ ਪ੍ਰਾਈਵੇਟ ਮੋਬਾਇਲ ਨੰਬਰ ਸਹਿਣ ਹੀ ਨਹੀਂ ਕਰ ਸਕਦਾ ਹੈ। ਇਸ ਲਿਹਾਜ਼ ਨਾਲ 4 ਦਿਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ 23,040 ਜਵਾਬ ਹੀ ਲਏ ਜਾ ਸਕਦੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਹੀ ਵਿਚ ਠੀਕ ਹਨ ਤਾਂ ਜਿਸ ਫੋਨ ਨੰਬਰ ’ਤੇ ਜਵਾਬ ਆਏ ਹਨ, ਉਸਦਾ ਰਿਕਾਰਡ ਪੇਸ਼ ਕਰਨ। ਸਿੱਧੂ ਨੇ ਤੰਜ ਕਸਦੇ ਹੋਏ ਕਿਹਾ ਕਿ ਕੇਜਰੀਵਾਲ ਕਿਹੜਾ ਵਿਗਿਆਨੀ ਆਈਨਸਟਾਈਨ ਦੇ ਰਿਸ਼ਤੇਦਾਰ ਹਨ ਜਾਂ ਗਣਿਤ ਸ਼ਾਸ਼ਤਰੀ ਸ਼ੰਕੁਤਲਾ ਦੇਵੀ ਦੇ ਰਿਸ਼ਤੇਦਾਰ ਹਨ, ਜੋ ਅਜਿਹਾ ਹਿਸਾਬ ਪੇਸ਼ ਕਰ ਰਹੇ ਹਨ। ਅਜਿਹਾ ਹਿਸਾਬ ਤਾਂ ਕੰਪਿਊਟਰ ਵੀ ਪੇਸ਼ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਰਾਹੁਲ ਤੇ ਸੋਨੀਆ ਨੇ ਚੰਨੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਕਿਉਂ ਨਹੀਂ ਕੀਤੀ ਕਾਰਵਾਈ?: ਚੱਢਾ
ਸਿੱਧੂ ਨੇ ਕਿਹਾ ਇਹ ਵੱਡਾ ਘੋਟਾਲਾ ਹੈ
ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਕਿ ਇਹ ਇੱਕ ਵੱਡਾ ਘੋਟਾਲਾ ਹੈ, ਜਿਸਦੇ ਜ਼ਰੀਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੀ ਪ੍ਰਚਾਰ ਮੁਹਿੰਮ ਚਲਾਕੇ ਇੱਕ ਹਾਈਬਰਿਡ ਮਾਡਲ ਤਿਆਰ ਕੀਤਾ ਹੈ। ਇਹ ਸਭ ਈਮਾਨਦਾਰ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ।
ਚੋਣ ਕਮਿਸ਼ਨ ਨੂੰ ਸ਼ਿਕਾਇਤ
ਸਿੱਧੂ ਨੇ ਕਿਹਾ ਕਿ ਧੋਖਾਧੜੀ, ਫਰਜ਼ੀ ਅਤੇ ਭੁਲੇਖੇ ਦੇ ਜ਼ਰੀਏ ਚੋਣ ਪ੍ਰਚਾਰ ਕਰਨ ਦਾ ਇਹ ਢੰਗ ਸਿੱਧੇ ਤੌਰ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ’ਤੇ ਸਖਤ ਨੋਟਿਸ ਲੈਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਕੇ ਸ਼ਿਕਾਇਤ ਵੀ ਕੀਤੀ ਹੈ। ਸਿੱਧੂ ਨੇ ਇਹ ਵੀ ਦੋਸ਼ ਲਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੇਜਰੀਵਾਲ ਨੇ ਲੋਕਾਂ ਨੂੰ ਝੂਠ ਬੋਲਿਆ ਹੈ। ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਵੀ ਧੋਖਾ ਦਿੱਤਾ ਹੈ, ਜਿਨ੍ਹਾਂ ਦਾ ਪੈਸਾ ਉਹ ਆਪਣੇ ਨਿੱਜੀ ਲਾਭ ਅਤੇ ਏਜੰਡੇ ਲਈ ਇਸਤੇਮਾਲ ਕਰਦੇ ਆ ਰਹੇ ਹਨ। ਇਸ ਲਈ ਇਸ ਵਾਰ ਉਹ ਐੱਨ. ਆਰ. ਆਈਜ਼ ਵਿਚਕਾਰ ਜਾਣ ਤੋਂ ਬਚ ਰਹੇ ਹਨ।
ਮੰਗਿਆ ਪਾਰਟੀ ਦਾ ਚਿਹਰਾ, ਆਇਆ ਨਵਜੋਤ ਸਿੱਧੂ ਦਾ ਨਾਮ, ਇਹ ਬੇਹੱਦ ਹਾਸੋਹੀਣਾ
ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਉਸ ਦਾਅਵੇ ਨੂੰ ਵੀ ਹਾਸੋਹੀਣਾ ਦੱਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਰਾਇਸ਼ੁਮਾਰੀ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਲਈ 3.6 ਫੀਸਦੀ ਲੋਕਾਂ ਨੇ ਰਾਏ ਦਿੱਤੀ। ਸਿੱਧੂ ਨੇ ਕਿਹਾ ਕਿ ਇਹ ਗੱਲ ਬੇਹੱਦ ਅਜੀਬ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਤੈਅ ਕਰਨ ਲਈ ਰਾਏ ਮੰਗੀ ਤਾਂ ਕੋਈ ਨਵਜੋਤ ਸਿੰਘ ਸਿੱਧੂ ਦਾ ਨਾਮ ਕਿਉਂ ਲੈ ਰਿਹਾ ਹੈ।
ਇਹ ਵੀ ਪੜ੍ਹੋ : ED ਦੀ ਰੇਡ ’ਤੇ ਬੋਲੇ ਸਿੱਧੂ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਟਿਆਲਾ 'ਚ ਹੋਈ ਬੇਅਦਬੀ ਬਾਰੇ ਬੋਲੇ ਭਗਵੰਤ ਮਾਨ, 'ਘਟਨਾ ਪਿੱਛੇ ਮਾਸਟਰ ਮਾਈਂਡ ਕੋਈ ਹੋਰ'
NEXT STORY