ਚੰਡੀਗੜ੍ਹ (ਬਿਊਰੋ)-ਆਪਸੀ ਏਕਤਾ, ਇਕਜੁੱਟਤਾ, ਸਬਰ, ਸ਼ਾਂਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਲੱਗਭਗ ਇਕ ਸਾਲ ਤੱਕ ਚੱਲੇ ਇਤਿਹਾਸਕ ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਦੇ ਹਉਮੈ ਦੀ ਹਾਰ ਅਤੇ ਅੰਨਦਾਤਾ ਸਮੇਤ ਜਮਹੂਰੀਅਤ ਦੀ ਜਿੱਤ ਉੱਤੇ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੰਜਾਬ ਭਰ ’ਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਪ੍ਰਕਾਸ਼ ਕਰਵਾਏ ਗਏ। ਇਸ ਦੌਰਾਨ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਦੀ ਯਾਦ ’ਚ ਅਰਦਾਸਾਂ ਕੀਤੀਆਂ ਗਈਆਂ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਦੱਸਿਆ ਕਿ ਭਾਰਤੀ ਇਤਿਹਾਸ ’ਚ 15 ਅਗਸਤ ਅਤੇ 26 ਜਨਵਰੀ ਵਾਂਗ 19 ਨਵੰਬਰ ਵੀ ਇਕ ਸੁਨਹਿਰੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਇਹ ਸਿਰਫ਼ ਅੰਨਦਾਤਾ ਦੀ ਜਿੱਤ ਦਾ ਪ੍ਰਤੀਕ ਨਹੀਂ, ਸਗੋਂ ਭਾਰਤੀ ਸੰਵਿਧਾਨ ਤੇ ਅਸਲੀ ਸੰਘੀ ਢਾਂਚੇ ਦੇ ਸਿਧਾਂਤ ਅਤੇ ਸੰਕਲਪ ਤੋਂ ਥਿੜਕਦੀ ਜਾ ਰਹੀ ਜਮਹੂਰੀਅਤ ਨੂੰ ਮੁੱੜ ਲੀਹ ’ਤੇ ਚੜ੍ਹਾਏ ਜਾਣ ਦਾ ਸ਼ੁੱਭ ਸੰਕੇਤ ਵੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਬੋਲੇ ਭਗਵੰਤ ਮਾਨ, ਕਿਹਾ-ਕੇਂਦਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕਿਸਾਨਾਂ ਅੱਗੇ ਪਿਆ ਝੁਕਣਾ
ਬਰਸਟ ਅਤੇ ਚੱਢਾ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਸਮੇਤ ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਰੋਪੜ ਸਮੇਤ ਹੋਰ ਜ਼ਿਲ੍ਹਿਆਂ ਅਤੇ ਤਹਿਸੀਲਾਂ ’ਚ ਪਾਰਟੀ ਦੇ ਆਗੂਆਂ ਤੇ ਅਹੁਦੇਦਾਰਾਂ ਨੇ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ ਅਤੇ ਕਿਸਾਨੀ ਸੰਘਰਸ਼ ਦੇ ‘ਸ਼ਹੀਦਾਂ’ ਨੂੰ ਸਮਰਪਿਤ ਅਰਦਾਸਾਂ ਕੀਤੀਆਂ। ਇਹ ਵੀ ਅਰਜੋਈ ਕੀਤੀ ਕਿ ਆਪਣੇ ਹੱਕਾਂ ਤੇ ਹੋਂਦ ਦੀ ਲੜਾਈ ਲੜ ਰਹੇ ਅੰਨਦਾਤਾ ਨੂੰ ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ, ਸਬਰ ਅਤੇ ਸ਼ਾਂਤੀ ਦੀ ਬਖਸ਼ਿਸ਼ ਹਮੇਸ਼ਾ ਬਣਾਈ ਰੱਖੇ।
‘ਆਪ’ ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸੰਵਿਧਾਨ, ਸੰਘੀ ਢਾਂਚੇ ਅਤੇ ਲੋਕਾਂ ਦੇ ਹੱਕ-ਹਕੂਕਾਂ ਲਈ ਸ਼ਾਂਤੀਪੂਰਵਕ ਸੰਘਰਸ਼ਾਂ ਨੂੰ ਸਨਮਾਨ ਅਤੇ ਸਮਰਥਨ ਦੇਣ ’ਚ ਕਦੇ ਵੀ ਪਿੱਛੇ ਨਾ ਰਹਿਣ ਅਤੇ ਅਜਿਹੇ ਸੰਘਰਸ਼ਾਂ ਨੂੰ ਧਰਮ, ਜਾਤ-ਪਾਤ ਅਤੇ ਖਿੱਤਿਆਂ ਦੇ ਆਧਾਰ ’ਤੇ ਵੰਡਣ ਵਾਲੀਆਂ ਫ਼ਿਰਕੂ ਅਤੇ ਮੌਕਾਪ੍ਰਸਤ ਸਿਆਸੀ ਤਾਕਤਾਂ ਤੋਂ ਸੁਚੇਤ ਰਹਿਣ। ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਮੌਕੇ ਹੋਰਨਾਂ ਆਗੂਆਂ ’ਚ ਐਡਵੋਕੇਟ ਅਮਰਦੀਪ ਕੌਰ, ਕਸ਼ਮੀਰ ਕੌਰ, ਪ੍ਰਭਜੋਤ ਕੌਰ, ਅਨੂ ਬੱਬਰ, ਗੁਰਮੇਲ ਸਿੰਘ ਸਿੱਧੂ, ਮਲਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ, ਜਸਪਾਲ ਸਿੰਘ ਕਾਉਣੀ, ਸਰਬਜੀਤ ਸਿੰਘ ਪੰਧੇਰ, ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਕੈਰੋਂ, ਮਨਜੀਤ ਸਿੰਘ ਘੁੰਮਣ, ਪਰਮਿੰਦਰ ਗੋਲਡੀ ਸਮੇਤ ਹੋਰ ਆਗੂ ਅਤੇ ਵਲੰਟੀਅਰ ਵੀ ਮੌਜੂਦ ਸਨ।
ਜੰਮੂ-ਕਸ਼ਮੀਰ ਦੇ ਰਾਮਗੜ੍ਹ ਸੈਕਟਰ ਦੇ ਪਿੰਡ ਨੰਗੇ ’ਚ ਵੰਡੀ ਗਈ 625ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY