ਮੋਗਾ- ਮੋਗਾ ਤੋਂ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਨਾਲ ਉਨ੍ਹਾਂ ਨੂੰ ਖ਼ਾਸ ਪਿਆਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਿਆਸੀ ਜੀਵਨ ਇਸ ਹਲਕੇ ਤੋਂ ਹੀ ਸ਼ੁਰੂ ਹੋਇਆ ਸੀ ਅਤੇ ਸਭ ਤੋਂ ਪਹਿਲੀ ਵਾਰ ਉਨ੍ਹਾਂ ਨੇ 1996 ਵਿੱਚ ਪਾਰਲੀਮੈਂਟ ਦੀ ਚੋਣ ਲੜੀ ਸੀ। ਮੋਗਾ ਅਸੈਂਬਲੀ ਅਤੇ ਬਾਘਾ ਪੁਰਾਣਾ ਸਮੇਤ ਕਈ ਇਲਾਕੇ ਉਸ ਸਮੇਂ ਪਾਰਲੀਮੈਂਟ ਹਲਕੇ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਿੰਨੀ ਵਾਰ ਵੀ ਉਨ੍ਹਾਂ ਨੇ ਇੱਥੋਂ ਚੋਣ ਲੜੀ, ਉਨ੍ਹਾਂ ਨੂੰ ਹਰ ਵਾਰ ਵੱਡੀ ਲੀਡ ਮਿਲੀ।
ਇਹ ਵੀ ਪੜ੍ਹੋ- DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਿਕਰਮ ਮਜੀਠੀਆ ਨੇ ਘੇਰੀ 'ਆਪ' ਸਰਕਾਰ ! CBI ਜਾਂਚ ਦੀ ਕੀਤੀ ਮੰਗ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਵੇਂ ਨੌਜਵਾਨ ਸ਼ਾਇਦ ਉਨ੍ਹਾਂ ਨੂੰ ਘੱਟ ਜਾਣਦੇ ਹੋਣ, ਪਰ ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਵੀ ਉਹ ਇੱਥੇ ਆਏ, ਲੋਕਾਂ ਦੇ ਆਦੇਸ਼ ਦੇ ਨਾਲ ਹੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇਸ ਸਮੇਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਇਸ ਲਈ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੇਨਤੀ ਕਰ ਸਕਣ ਕਿ ਪੰਜਾਬ ਸਾਡਾ ਆਪਣਾ ਘਰ ਹੈ, ਇੱਥੇ ਹੀ ਜਿਊਣਾ ਹੈ ਅਤੇ ਇੱਥੇ ਹੀ ਮਰਨਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਦਿੱਲੀ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਇਆ ਜਾਵੇ।
ਇਹ ਵੀ ਪੜ੍ਹੋ- MP ਔਜਲਾ ਨੇ DM ਰੰਧਾਵਾ ਦੇ ਹੱਕ 'ਚ ਚੁੱਕੀ ਆਵਾਜ਼, ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਕੀਤੀ ਮੰਗ
ਸੁਖਬੀਰ ਬਾਦਲ ਨੇ ਕਿਹਾ ਕਿ ਉਹੀ ਸੂਬਾ ਤਰੱਕੀ ਕਰਦਾ ਹੈ ਜਿੱਥੇ ਡਰ ਦਾ ਮਾਹੌਲ ਨਾ ਹੋਵੇ, ਪਰ ਅੱਜ ਪੰਜਾਬ ਵਿੱਚ ਹਰ ਪਾਸੇ ਡਰ ਦਾ ਮਾਹੌਲ ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਂਗਸਟਰਾਂ, ਲੁਟੇਰਿਆਂ ਅਤੇ ਅਧਿਕਾਰੀਆਂ ਦਾ ਖੌਫ ਹੈ ਅਤੇ ਹੁਣ ਤਾਂ ਮੰਤਰੀ ਵੀ ਗੈਂਗਸਟਰ ਬਣ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦਾ ਦਾਅਵਾ ਸੀ ਕਿ 'ਆਪ' ਦੇ ਇੱਕ ਮੰਤਰੀ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਗੈਂਗਸਟਰਾਂ ਰਾਹੀਂ ਉਸ ਨੂੰ ਮਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਗਿਆ ਅਤੇ ਜਦੋਂ ਉਸ ਨੇ ਇਨਕਾਰ ਕੀਤਾ, ਤਾਂ ਉਸ ਨੂੰ ਘਰ ਬੁਲਾ ਕੇ ਉਸ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਇਸ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਡਰਾਇਆ ਜਾਂਦਾ ਹੈ, ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਝੂਠੇ ਮਾਮਲੇ ਦਰਜ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਉਨ੍ਹਾਂ ਕਿਹਾ ਕਿ ਤੁਸੀਂ ਖੁਦ ਵੇਖ ਲਓ ਇੱਕ ਪਾਸੇ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜੋ ਸਿਰਫ ਸਿਆਸੀ ਪਾਰਟੀ ਨਹੀਂ, ਸੇਵਾ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਬਜ਼ੁਰਗਾਂ ਨੇ ਕੁਰਬਾਣੀਆਂ ਦੇ ਕੇ ਅਕਾਲੀ ਦਲ ਬਣਾਇਆ ਹੈ ਅਤੇ ਇਤਿਹਾਸ ਗਵਾਹ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਅਕਾਲੀ ਦਲ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਗਰੀਬਾਂ ਦੀ ਲੜਾਈ, ਕਿਸਾਨਾਂ, ਵਪਾਰੀਆਂ ਅਤੇ ਪੰਜਾਬ ਦੇ ਹੱਕਾਂ ਲਈ, ਨਾਲ ਹੀ ਖਾਲਸਾ ਪੰਥ ਦੀ ਲੜਾਈ ਵੀ ਸਿਰਫ ਅਕਾਲੀ ਦਲ ਨੇ ਲੜੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਸੰਭਵ ਹੋਇਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਸ ਸਾਲ ਮੁੱਖ ਮੰਤਰੀ ਰਹੇ, ਪਰ ਉਨ੍ਹਾਂ ਦੇ ਸਮੇਂ ਵਿੱਚ ਕੋਈ ਵੱਡਾ ਵਿਕਾਸ ਨਹੀਂ ਹੋਇਆ।
ਇਹ ਵੀ ਪੜ੍ਹੋ- DM ਰੰਧਾਵਾ ਦੀ ਮੌਤ ਮਾਮਲੇ 'ਚ ਪਰਿਵਾਰ ਨੇ ਕੀਤੀ ਸੁਰੱਖਿਆ ਦੀ ਮੰਗ, ਪਤਨੀ ਨੇ ਲਾਏ ਗੰਭੀਰ ਦੋਸ਼
ਉਨ੍ਹਾਂ ਨੇ ਦੱਸਿਆ ਕਿ ਮੰਡੀਆਂ, ਡੈਮ, ਏਅਰਪੋਰਟ, ਸੜਕਾਂ, ਬਿਜਲੀ ਦੀਆਂ ਲਾਈਨਾਂ, ਨਹਿਰਾਂ, ਹਾਈਵੇ ਅਤੇ ਟਿਊਬਵੈੱਲ ਕਨੈਕਸ਼ਨ ਵਰਗੇ ਕਈ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਅਨੁਸਾਰ ਅਕਾਲੀ ਦਲ ਦੀ ਸਰਕਾਰ ਨੇ ਲਗਭਗ 13.5 ਲੱਖ ਟਿਊਬਵੈੱਲ ਕਨੈਕਸ਼ਨ ਦਿੱਤੇ, ਜਦਕਿ ਪੂਰੇ ਪੰਜਾਬ ਵਿੱਚ ਕਰੀਬ 15 ਲੱਖ ਟਿਊਬਵੈੱਲ ਕਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਇੱਥੇ ਭਾਈਚਾਰੇ ਦੀ ਸਾਂਝ ਅਤੇ ਅਮਨ-ਸ਼ਾਂਤੀ ਬਣੀ ਰਹੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਈ ਸਿਆਸੀ ਪਾਰਟੀਆਂ ਲੋਕਾਂ ਨੂੰ ਇਕ-ਦੂਜੇ ਨਾਲ ਲੜਾ ਕੇ ਰਾਜ ਕਰਨਾ ਚਾਹੁੰਦੀਆਂ ਹਨ, ਜੋ ਅਕਾਲੀ ਦਲ ਅਤੇ ਦਿੱਲੀ ਆਧਾਰਿਤ ਪਾਰਟੀਆਂ ਵਿਚਕਾਰ ਵੱਡਾ ਫਰਕ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦੁੱਖ-ਦਰਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਜਾਂ ਨਰਿੰਦਰ ਮੋਦੀ ਦੇ ਮਨ ਵਿੱਚ ਉਹਨੀ ਹਮਦਰਦੀ ਹੋ ਸਕਦੀ ਹੈ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦੇ ਮਨ ਵਿੱਚ ਲੋਕਾਂ ਲਈ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਤਾਕਤਾਂ ਲੋਕਾਂ ਦੇ ਧਾਰਮਿਕ ਸਥਾਨਾਂ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਜਾਗਣ ਦੀ ਲੋੜ ਹੈ ਅਤੇ ਆਪਣੀ ਪਾਰਟੀ ਅਤੇ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਵੇ।
ਉਨ੍ਹਾਂ ਸਵਾਲ ਕੀਤਾ ਕਿ ਬੀਬੀਆਂ ਨੂੰ ਪਹਿਲਾਂ 1000 ਰੁਪਏ ਕਿਉਂ ਨਹੀਂ ਦਿੱਤੇ ਗਏ ਅਤੇ ਹੁਣ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਵੋਟਾਂ ਨੇੜੇ ਆਉਣ ਕਰਕੇ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੀਆਂ ਬੀਬੀਆਂ ਨੂੰ ਕੋਈ ਖਰੀਦ ਨਹੀਂ ਸਕਦਾ। ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਰਕਾਰੀ ਜਾਇਦਾਦ ਵੇਚ ਕੇ ਅਤੇ ਬੈਂਕਾਂ ਤੋਂ ਕਰਜ਼ਾ ਲੈ ਕੇ ਲੋਕਾਂ ਨੂੰ ਪੈਸੇ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਜਿੰਨੀਆਂ ਵੀ ਰੈਲੀਆਂ ਕਰਦਾ ਸਾਰੀਆਂ ਬੱਸਾਂ ਰੋਡਵੇਜ਼ ਦੀਆਂ ਲੈ ਕੇ ਜਾਂਦਾ ਹੈ। ਅਕਾਲੀ ਦਲ ਨੇ ਕਦੇ ਵੀ ਇੰਝ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਇਸ ਵੇਲੇ ਕਰੀਬ 4.30 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਾ ਹੈ, ਜੋ ਇਨ੍ਹਾਂ ਨੇ ਇਸ਼ਤਿਹਾਰਾਂ ਤੇ ਲਾ ਦਿੱਤਾ ਹੈ।
ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸਰਕਾਰ ਤੋਂ ਗ੍ਰਾਂਟਾਂ ਨਾ ਮੰਗਣ। ਉਨ੍ਹਾਂ ਕਿਹਾ ਕਿ ਹੁਣ ਸਿਰਫ ਕੁਝ ਮਹੀਨੇ ਹੀ ਬਾਕੀ ਹਨ ਅਤੇ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਖੁੱਲ੍ਹ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ, ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੁਬਾਨ ਦੀ ਪੱਕੀ ਪਾਰਟੀ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਉਨ੍ਹਾਂ ਦੀ ਸਰਕਾਰ ਬਣਨ ‘ਤੇ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਵਿਕਾਸ ਦੀ ਕਾਫੀ ਲੋੜ ਹੈ ਅਤੇ ਉਨ੍ਹਾਂ ਦੀ ਸਰਕਾਰ ਬਣਨ ‘ਤੇ ਮੋਗਾ ਵਿੱਚ ਮੈਡੀਕਲ ਕਾਲਜ ਜ਼ਰੂਰ ਬਣਾਇਆ ਜਾਵੇਗਾ।
ਇਹ ਕੀਤੇ ਵੱਡੇ ਐਲਾਨ
ਉਨ੍ਹਾਂ ਐਲਾਨ ਕੀਤਾ ਕਿ ਵੱਡੇ ਬਾਦਲ ਸਾਬ੍ਹ ਦੀ ਯਾਦ 'ਚ ਨੀਲੇ ਕਾਰਡ ਦੀ ਯੋਜਨਾ ਮੁੜ ਸ਼ੁਰੂ ਕਰਕੇ ਲਾਭਪਾਤਰੀਆਂ ਨੂੰ 30 ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਨੌਜਵਾਨਾਂ ਨੂੰ ਆਪਣਾ ਨਵਾਂ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ, ਜੋ 10 ਸਾਲਾਂ ਵਿੱਚ ਵਾਪਸ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਪੰਜਾਬ 'ਚ ਇੰਡਸਟਰੀ ਲਿਆਵਾਂ ਗਏ ਅਤੇ ਸ਼ਰਤ ਹੋਵੇਗੀ 75 ਫੀਸਦੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀਆਂ ਹੋਣਗੀਆਂ। ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। 1 ਲੱਖ ਬੱਚੇ ਨੂੰ 1 ਸਾਲ ਦੀ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ‘ਟੈਰਰਿਸਟ’ (ਅੱਤਵਾਦੀ) ਅਤੇ ਦੇਸ਼ ਵਿਰੋਧੀ ਘੋਸ਼ਿਤ ਕੀਤਾ ਜਾਵੇਗਾ। ਸਾਡੀ ਸਰਕਾਰ ਆਉਣ 'ਤੇ ਫਿਰ ਤੋਂ ਕਬੱਡੀ ਵਰਲਡ ਕੱਪ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਰਲਡ ਕੱਪ ਕਬੱਡੀ, ਪਸ਼ੂ ਮੇਲੇ ਅਤੇ ਪਿੰਡਾਂ 'ਚ ‘ਸੀਪ’ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੋਪੜ 'ਚ ਵੱਡੀ ਵਾਰਦਾਤ! ਪਹਿਲਾਂ ਫੋਨ ਕਰਕੇ ਦੋਸਤ ਨੂੰ ਬੁਲਾਇਆ, ਫਿਰ ਇੱਟਾਂ ਮਾਰ-ਮਾਰ ਕਰ 'ਤਾ ਕਤਲ
NEXT STORY