ਲੁਧਿਆਣਾ (ਰਾਜ)- ਨਸ਼ੇ ਦੇ ਕਾਲੇ ਕਾਰੋਬਾਰ ਖ਼ਿਲਾਫ਼ 'ਜਗ ਬਾਣੀ' ਵੱਲੋਂ ਲਗਾਤਾਰ ਚੁੱਕੀ ਜਾ ਰਹੀ ਆਵਾਜ਼ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਤਾਜਪੁਰ ਰੋਡ ਸਥਿਤ ਨਸ਼ੇ ਲਈ ਬਦਨਾਮ ਬਿਹਾਰੀ ਕਾਲੋਨੀ ਵਿਚ ਵਿਕਣ ਵਾਲੇ ਨਸ਼ੇ ਖਿਲਾਫ ਪ੍ਰਸ਼ਾਸਨ ਨੂੰ ਜਗਾਉਣ ਤੇ ਜਨਤਾ ਨੂੰ ਜਾਗਰੂਕ ਕਰਨ ਲਈ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਖ਼ਬਰਾਂ ਤੋਂ ਬਾਅਦ ਜਿਥੇ ਪੁਲਸ ਮੁਸਤੈਦ ਹੋਈ ਹੈ, ਉਥੇ ਸਥਾਨਕ ਨਿਵਾਸੀ ਵੀ ਲਾਮਬੰਦ ਹੋ ਗਏ ਹਨ।
ਇਸੇ ਜਾਗਰੂਕਤਾ ਕਾਰਨ ਇਲਾਕੇ ਵਿਚ ਸ਼ਰੇਆਮ ਨਸ਼ਾ ਵੇਚਣ ਪੁੱਜੇ ਇਕ ਸਮੱਗਲਰ ਨੂੰ ਮੁਹੱਲਾ ਨਿਵਾਸੀਆਂ ਨੇ ਰੰਗੇ ਹੱਥੀਂ ਦਬੋਚ ਲਿਆ। ਮੁਲਜ਼ਮ ਦੀ ਤਲਾਸ਼ੀ ਲੈਣ ‘ਤੇ ਉਸ ਦੇ ਕੋਲੋਂ ਨਸ਼ੀਲੇ ਪਦਾਰਥਾਂ ਦੀਆਂ ਪੁੜੀਆਂ ਅਤੇ ਨਕਦੀ ਬਰਾਮਦ ਹੋਈ ਜਿਸ ਤੋਂ ਬਾਅਦ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਬਿਹਾਰੀ ਕਾਲੋਨੀ ਵਿਚ ਇਕ ਸ਼ੱਕੀ ਨੌਜਵਾਨ ਪੈਦਲ ਘੁੰਮ ਰਿਹਾ ਸੀ ਅਤੇ ਉਸ ਦੇ ਆਸ ਪਾਸ ਨਸ਼ੇੜੀਆਂ ਦਾ ਜਮਾਵੜਾ ਲੱਗਾ ਹੋਇਆ ਸੀ। ਨੌਜਵਾਨ ਖੁੱਲੇਆਮ ਨਸ਼ੀਲੀਆਂ ਪੁੜੀਆਂ ਵੇਚ ਰਿਹਾ ਸੀ। ਉਸ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖ ਕੇ ਜਾਗਰੂਕ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਮੌਕੇ ’ਤੇ ਹੀ ਘੇਰ ਲਿਆ।
ਪਹਿਲਾਂ ਤਾਂ ਮੁਲਜ਼ਮ ਟਾਲਮਟੋਲ ਕਰਕੇ ਭੱਜਣ ਦੀ ਤਾਕ ਵਿਚ ਸੀ ਪਰ ਜਦੋਂ ਲੋਕਾਂ ਨੇ ਸਖਤੀ ਦਿਖਾਉਂਦੇ ਛਿੱਤਰ ਪਰੇਡ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਨਸ਼ੇ ਦੀਆਂ ਪੁੜੀਆਂ ਬਰਾਮਦ ਹੋਈਆਂ।ਲੋਕਾਂ ਨੇ ਪੂਰੀ ਬਰਾਮਦਗੀ ਦੀ ਵੀਡੀਓ ਰਿਕਾਰਡਿੰਗ ਆਪਣੇ ਮੋਬਾਇਲ ਕੈਮਰਿਆਂ ਵਿਚ ਕੈਦ ਕਰ ਲਈ ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਪੁਲਸ ਮੁਲਜ਼ਮ ਨੂੰ ਫੜ ਕੇ ਉਸ ਤੋਂ ਨਸ਼ੇ ਦੇ ਨੈੱਟਵਰਕ ਸਬੰਧੀ ਪੁੱਛਗਿਛ ਕਰ ਰਹੀ ਹੈ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਪਹਿਲਾਂ ਵੀ ਕਈ ਵਾਰ ਬਿਹਾਰੀ ਕਾਲੋਨੀ ਵਿਚ ਨਸ਼ਾ ਸਮੱਗਲਰਾਂ ਖਿਲਾਫ ਛਾਪੇਮਾਰੀ ਕਰਕੇ ਕੇਸ ਦਰਜ ਕਰ ਚੁੱਕਾ ਹੈ। ਇਸ ਦੇ ਬਾਵਜੂਦ ਸਮੱਗਲਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਣ ਤੋਂ ਬਾਜ ਨਹੀਂ ਆ ਰਹੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੱਕੇ ਤੌਰ ’ਤੇ ਪੁਲਸ ਪਿਕੇਟ ਸਥਾਪਤ ਕੀਤੇ ਜਾਣ ਤਾਂ ਕਿ ਨਸ਼ਾ ਸਮੱਗਲਿੰਗ ’ਤੇ ਪੂਰੀ ਤਰ੍ਹਾਂ ਲਗਾਮ ਲਗ ਸਕੇ।
ਪੰਜਾਬ ’ਚ ਇਕੱਲਿਆਂ ਸਰਕਾਰ ਬਣਾਏਗੀ ਭਾਜਪਾ : ਗਿਆਨ ਚੰਦ ਗੁਪਤਾ
NEXT STORY