ਭਾਦਸੋਂ (ਅਵਤਾਰ) : ਪਿੰਡ ਮੱਲੇਵਾਲ ਵਿਖੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ ਪਿੰਡ ਜਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿੰਡ ਦੇ ਕਾਂਗਰਸੀ ਸਰਪੰਚ ਜਗਵੰਤ ਸਿੰਘ ਦੀ ਅਣਗਹਿਲੀ ਕਰਕੇ ਛੱਪੜ ਦੀ ਸਫਾਈ ਨਹੀ ਹੋਈ ਤੇ ਪਿੰਡ ਤੋਂ ਬਾਹਰ ਜਾ ਰਹੀ ਪਾਣੀ ਦੀ ਨਿਕਾਸੀ ਵਾਲੀ ਨਾਲੀ ਦਾ ਪੱਧਰ ਜਾਣ-ਬੁਝ ਕੇ ਉੱਚਾ ਚੁੱਕ ਦਿੱਤਾ ਗਿਆ, ਜਿਸ ਕਰਕੇ ਪਿੰਡ ਦਾ ਪਾਣੀ ਘਰਾਂ ਤੇ ਸੜਕਾਂ 'ਤੇ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਖੜ੍ਹੇ ਪਾਣੀ ਨਾਲ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮੋਹਤਬਰ ਸੱਜਣਾ ਨੇ ਮਾਮਲੇ ਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਸਰਪੰਚ ਕੋਈ ਹੱਥ-ਪੱਲਾ ਨਹੀ ਫੜ੍ਹਾ ਰਿਹਾ। ਦੇਵ ਮਾਨ ਨੇ ਪਿੰਡ ਵਾਸੀਆ ਨੂੰ ਭਰੋਸਾ ਦਿੱਤਾ ਕਿ ਜੇਕਰ ਜਲਦ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਨਾ ਹੋਇਆ ਤਾਂ ਪਿੰਡ ਦੇ ਸਰਪੰਚ ਖ਼ਿਲਾਫ਼ ਧਰਨਾ ਲਾਇਆ ਜਾਵੇਗਾ, ਜਿਸ ਦੀ ਸ਼ਿਕਾਇਤ ਐਸ. ਡੀ .ਐਮ ਨਾਭਾ, ਡੀ. ਸੀ. ਪਟਿਆਲਾ ਤੇ ਸਬੰਧਿਤ ਮੰਤਰੀ ਨੂੰ ਲਿਖ਼ਤੀ ਰੂਪ ਵਿੱਚ ਕੀਤੀ ਜਾਵੇਗੀ।
ਇਸ ਮੌਕੇ ਜਸਪ੍ਰੀਤ ਚੀਮਾ, ਬੁੱਧ ਸਿੰਘ, ਦਲਜੀਤ ਸਿੰਘ, ਗੁਰਦੇਵ ਕੌਰ, ਦਰਸ਼ਨ ਸਿੰਘ, ਸਤਵੰਤ ਸਿੰਘ, ਗੌਤਮ ਸ਼ਰਮਾ, ਗੁਰਦੀਪ ਸਿੰਘ, ਪਲਵਿੰਦਰ ਕੌਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਜਗਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਟੋਭੇ ਵਾਲੀ ਨਿਕਾਸੀ ਵਾਲੀ ਮੋਟਰ ਸੜ ਕੇ ਖ਼ਰਾਬ ਹੋ ਗਈ ਸੀ, ਜਿਸ ਕਰਕੇ ਪਾਣੀ ਦੀ ਸਮੱਸਿਆ ਆਈ। ਉਨ੍ਹਾਂ ਕਿਹਾ ਕਿ ਮੋਟਰ ਜਲਦੀ ਹੀ ਠੀਕ ਕਰਵਾ ਕੇ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇਗੀ ਅਤੇ ਜੋ ਨਿਕਾਸੀ ਵਾਲਾ ਨਾਲਾ ਉੱਚਾ ਬਣਾਇਆ ਗਿਆ ਹੈ, ਉਸਨੂੰ ਨੀਵਾਂ ਕਰਕੇ ਠੀਕ ਕਰ ਦਿੱਤਾ ਜਾਵੇਗਾ।
ਡੇਰਾ ਸਿਰਸਾ ਮੁਖੀ ਨੂੰ ਬਚਾਉਣ ਦੇ ਯਤਨ ਨਾ ਕਰੇ ਪੰਜਾਬ ਸਰਕਾਰ : ਸ਼੍ਰੋਮਣੀ ਕਮੇਟੀ
NEXT STORY