ਜਲੰਧਰ (ਰਮਨਦੀਪ ਸੋਢੀ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਭਾਵੇਂ ਇਕ ਸਾਲ ਤੋਂ ਵੀ ਵੱਧ ਸਮਾਂ ਬਾਕੀ ਹੈ ਪਰ ਇਸ ਨੂੰ ਲੈ ਕੇ ਹੁਣ ਤੋਂ ਹੀ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਦੀ ਮੁਹਿੰਮ ਦੇ ਸ਼ੁਰੂਆਤੀ ਦੌਰ ਵਿਚਾਲੇ ਲੋਕਾਂ ਦੀ ਭਲਾਈ ਲਈ ਦੁਬਈ ਤੋਂ ਪਰਤੇ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਨੇ ਸ਼ਾਹਕੋਟ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਠੋਕ ਦਿੱਤੀ ਹੈ। ਰਤਨ ਸਿੰਘ ਕਾਕੜ ਕਲਾਂ ਨੇ ਇਲਾਕੇ ਦੇ ਵਿਕਾਸ ਦੇ ਜਿਹੜੇ ਸੁਪਨੇ ਵੇਖੇ ਸੀ, ਉਨ੍ਹਾਂ ਦੀ ਮੌਤ ਮਗਰੋਂ ਹੁਣ ਉਨ੍ਹਾਂ ਦੀ ਧਰਮਪਤਨੀ ਰਣਜੀਤ ਕੌਰ ਕਾਕੜ ਕਲਾਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਨੇ ‘ਆਪ’ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਕੰਮਾਂ ਨੂੰ ਮੁੱਖ ਰੱਖਦਿਆਂ ਨਾ ਸਿਰਫ਼ ਉਨ੍ਹਾਂ ਨੂੰ ਸ਼ਾਹਕੋਟ ਹਲਕੇ ਦਾ ਇੰਚਾਰਜ ਐਲਾਨਿਆ ਜਾਵੇ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਵੀ ਦਿੱਤੀ ਜਾਵੇ। ਪੇਸ਼ ਹੈ ਪੂਰੀ ਗੱਲਬਾਤ :
ਤੁਸੀਂ ਦੁਬਈ ਛੱਡ ਕੇ ਪੰਜਾਬ ਕਿਵੇਂ ਪਰਤੇ ਤੇ ਫ਼ਿਰ ਆਮ ਆਦਮੀ ਪਾਰਟੀ ਨਾਲ ਕਿਵੇਂ ਜੁੜੇ?
- ਅਸੀਂ ਦੋਵੇਂ ਮਿਹਨਤਕਸ਼ ਪਰਿਵਾਰ ਤੋਂ ਸੀ। ਮੈਂ ਇਕ ਕਾਨੂੰਨਗੋ ਦੀ ਧੀ ਸੀ ਅਤੇ ਸਰਦਾਰ ਸਾਹਿਬ (ਰਤਨ ਸਿੰਘ) ਵੀ ਬਹੁਤ ਗਰੀਬੀ ਵਿਚੋਂ ਉੱਠੇ ਸਨ। ਅਸੀਂ ਸੋਚਿਆ ਕਿ ਅਸੀਂ ਬਹੁਤ ਪੈਸਾ ਕਮਾ ਲਿਆ ਹੈ ਅਤੇ ਬੱਚੇ ਡਾਕਟਰ-ਇੰਜੀਨੀਅਰ ਬਣਾ ਲਏ ਹਨ, ਇਸ ਲਈ ਹੁਣ ਵਾਪਸ ਜਾ ਕੇ ਆਪਣੇ ਪਿੰਡ, ਸਮਾਜ ਅਤੇ ਦੇਸ਼ ਦੀ ਸੇਵਾ ਕਰੀਏ। ਅਸੀਂ 2012 ਵਿਚ ਪੰਜਾਬ ਆ ਗਏ ਸੀ। ਅਸੀਂ ਸਿਰਫ਼ ਸਮਾਜ ਸੇਵਾ ਲਈ ਆਏ ਸੀ। ਇੱਥੇ ਮੇਰੇ ਪਤੀ ਨੇ ਇਕ ਮਿਸ ਕਾਲ ਦੇ ਕੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਤੇ ਮੈਨੂੰ ਵੀ ਪਾਰਟੀ ਵਿਚ ਸ਼ਾਮਲ ਕਰਵਾਇਆ। ਮੈਂ ਸ਼ੁਰੂ ਵਿਚ ਸਿਆਸਤ ’ਚ ਨਹੀਂ ਸੀ ਜਾਣਾ ਚਾਹੁੰਦੀ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਦੁਬਈ ਵਿਚ ਚੱਲ ਰਹੇ ਕੰਸਟ੍ਰਕਸ਼ਨ ਦੇ ਕਾਰੋਬਾਰ ਤੋਂ ਧਿਆਨ ਘਟ ਗਿਆ ਤੇ ਪੂਰਾ ਧਿਆਨ ਪਾਰਟੀ ਵੱਲ ਹੋ ਗਿਆ ਤੇ ਸਾਰਾ-ਸਾਰਾ ਦਿਨ ਉਹ ਲੋਕਾਂ ਵਿਚ ਹੀ ਵਿਚਰਦੇ ਰਹਿੰਦੇ ਸੀ। ਉਨ੍ਹਾਂ ਨੇ 2013 ਵਿਚ ਦੁਬਈ ਦਾ ਕਾਰੋਬਾਰ ਬੰਦ ਕਰ ਦਿੱਤਾ ਤੇ ਪਾਰਟੀ ਨੂੰ ਆਪਣਾ 100 ਫ਼ੀਸਦੀ ਦੇ ਦਿੱਤਾ। ਇਸ ਕਾਰਨ ਸਾਡੇ ਘਰ ਲੜਾਈ ਵੀ ਰਹਿਣ ਲੱਗ ਪਈ ਸੀ।
ਦੋਹਾਂ ਚੋਣਾਂ ਵਿਚ ਰਤਨ ਸਿੰਘ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ?
-ਉਹ ਚੋਣਾਂ ਹਾਰਨ ਦਾ ਮੁੱਖ ਕਾਰਨ ਮੈਂ ਆਪਣੇ-ਆਪ ਨੂੰ ਮੰਨਦੀ ਹਾਂ। ਅਸੀਂ ਚੋਣਾਂ ਵਿਚ ਸ਼ਰਾਬ ਅਤੇ ਪੈਸਾ ਬਿਲਕੁਲ ਵੀ ਨਹੀਂ ਵੰਡਿਆ। ਅਸੀਂ ਕਸਮ ਖਾ ਕੇ ਕਹਿ ਸਕਦੇ ਹਾਂ ਕਿ ਅਸੀਂ ਇਕ ਬੋਤਲ ਵੀ ਸ਼ਰਾਬ ਦੀ ਕਿਸੇ ਨੂੰ ਨਹੀਂ ਵੰਡੀ। ਇਕ ਹੋਰ ਵੱਡਾ ਨੁਕਸਾਨ ਇਹ ਹੋਇਆ ਕਿ 2017 ਦੇ ਉਮੀਦਵਾਰ ਅਮਰਜੀਤ ਸਿੰਘ ਥਿੰਦ ਦਾ ਪਾਰਟੀ ਛੱਡ ਕੇ ਜਾਣਾ ਸਾਡੇ ਲਈ ਨੈਗੇਟਿਵ ਪੁਆਇੰਟ ਬਣ ਗਿਆ। ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਸੀ ਤਾਂ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ। ਫ਼ਿਰ ਵੀ ਸਾਨੂੰ 30 ਹਜ਼ਾਰ ਵੋਟਾਂ ਪਈਆਂ ਸਨ। ਇਨ੍ਹਾਂ ਲੋਕਾਂ ਨੇ ਦਿਲੋਂ ਸਾਡਾ ਸਾਥ ਦਿੱਤਾ ਸੀ।
ਰਤਨ ਸਿੰਘ ਦੀ ਮੌਤ ਤੋਂ ਬਾਅਦ ਆਪਣਾ ਸਿਆਸੀ ਭਵਿੱਖ ਕਿਵੇਂ ਵੇਖਦੇ ਹੋ?
- ਮੈਂ ਉਨ੍ਹਾਂ ਨਾਲ ਮਿਲ ਕੇ ਪੂਰੇ ਇਲਾਕੇ ਵਿਚ ਵਿਚਰੀ ਹਾਂ, ਇਕੱਲੇ-ਇਕੱਲੇ ਘਰ ਵਿਚ ਗਈ ਹਾਂ ਅਤੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸਾਡੇ ਘਰ ਨੂੰ, ਪਿੰਡ ਨੂੰ ਅਤੇ ਸ਼ਾਹਕੋਟ ਨੂੰ ਬਹੁਤ ਨੁਕਸਾਨ ਹੋਇਆ। ਮੈਂ ਉਨ੍ਹਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹਾਂ। ਉਹ ਜਿਊਂਦੇ ਜੀਅ ਵੀ ਇਹ ਗੱਲ ਕਹਿੰਦੇ ਸੀ ਕਿ 2027 ਦੀ ਚੋਣ ਤੂੰ ਹੀ ਲੜੀਂ, ਕਿਉਂਕਿ ਲੋਕ ਮੇਰੇ ਨਾਲੋਂ ਜ਼ਿਆਦਾ ਤੈਨੂੰ ਪਛਾਣਨ ਲੱਗ ਪਏ ਹਨ। ਮੈਂ ਉਨ੍ਹਾਂ ਵੱਲੋਂ ਲਾਏ ਬੂਟੇ ਨੂੰ ਪਿਛਲੇ ਦੋ ਸਾਲਾਂ ਤੋਂ ਪਾਲ਼ ਰਹੀ ਹਾਂ। ਹੁਣ ਉਸ ਬੂਟੇ ਨੂੰ ਫ਼ਲ ਲੱਗਣ ਦਾ ਸਮਾਂ ਆਇਆ ਹੈ ਤੇ ਮੈਂ ਇਲਾਕੇ ਦੇ ਵਿਕਾਸ ਦੇ ਸੁਪਨੇ ਪੂਰੇ ਕਰਨੇ ਚਾਹੁੰਦੀ ਹਾਂ। ਜੇ ਇਕ ਔਰਤ ਆਪਣੇ ਪਰਿਵਾਰ ਨੂੰ ਸੰਭਾਲ ਸਕਦੀ ਹੈ, ਆਪਣੇ ਚਾਰ ਬੱਚਿਆਂ (ਦੋ ਡਾਕਟਰ, ਦੋ ਇੰਜੀਨੀਅਰ) ਨੂੰ ਪੜ੍ਹਾ-ਲਿਖਾ ਸਕਦੀ ਹੈ, ਤਾਂ ਉਹ ਇਕ ਇਲਾਕੇ ਨੂੰ ਵੀ ਸੰਭਾਲ ਸਕਦੀ ਹੈ। ਮੇਰੇ ਬੱਚਿਆਂ ਨੇ ਵੀ ਮੇਰੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ।
2027 ਦੀ ਚੋਣ ਲੜਨ ਦਾ ਫ਼ੈਸਲਾ ਤੁਹਾਡਾ ਆਪਣਾ ਹੈ ਜਾਂ ਪਾਰਟੀ ਵੱਲੋਂ ਵੀ ਤੁਹਾਨੂੰ ਕੋਈ ਹੁੰਗਾਰਾ ਦਿੱਤਾ ਗਿਆ ਹੈ?
- ਟਿਕਟ ਦਾ ਫ਼ੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਮੇਰੇ ਪਤੀ ਨੇ ਇਲਾਕੇ ਲਈ ਬਹੁਤ ਕੰਮ ਕੀਤਾ ਸੀ ਤੇ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਲੋਕਾਂ ਲਈ ਖਰਚਿਆ ਸੀ। ਟਿਕਟ ’ਤੇ ਸਾਡਾ ਹੱਕ ਬਣਦਾ ਹੈ। ਅਸੀਂ ਪਾਰਟੀ ਦੇ ਲਈ ਤੇ ਸ਼ਾਹਕੋਟ ਦੇ ਵਿਕਾਸ ਲਈ ਤਿੰਨ ਕਰੋੜ ਰੁਪਏ ਖਰਚ ਚੁੱਕੇ ਹਾਂ। ਅਸੀਂ ਸਮਾਜ ਸੇਵਾ ਉਦੋਂ ਤੋਂ ਕਰ ਰਹੇ ਹਾਂ ਜਦੋਂ ਅਸੀਂ ਪਾਰਟੀ ਵਿਚ ਸ਼ਾਮਲ ਵੀ ਨਹੀਂ ਸੀ ਹੋਏ। ਅਸੀਂ ਗਰੀਬ ਧੀਆਂ ਦੇ ਵਿਆਹ ਕੀਤੇ, ਬੱਚਿਆਂ ਦੀਆਂ ਫੀਸਾਂ ਭਰੀਆਂ ਅਤੇ ਕਾਕੜ ਕਲਾਂ ਪਿੰਡ ਵਿਚ 22 ਗਰੀਬ ਘਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਤੇ ਉਨ੍ਹਾਂ ਨੂੰ ਘਰ ਬਣਾਉਣ ਲਈ ਨਕਸ਼ੇ ਤਕ ਬਣਵਾ ਕੇ ਦਿੱਤੇ ਤੇ ਘਰ ਬਣਵਾਉਣ ਵਿਚ ਵੀ ਵਿੱਤੀ ਸਹਾਇਤਾ ਕੀਤੀ। ਹੜ੍ਹਾਂ ਦੌਰਾਨ ਅਸੀਂ ਆਪਣੀ ਇਕ ਕਿੱਲਾ ਜ਼ਮੀਨ ਦਿੱਤੀ। ਮੈਂ ਪਤੀ ਦੀ ਮੌਤ ਤੋਂ ਬਾਅਦ ਹਾਰ ਨਹੀਂ ਮੰਨੀ, ਸਗੋਂ ਇਲਾਕੇ ’ਚ ਵਿਚਰ ਰਹੀ ਹਾਂ। ਉਨ੍ਹਾਂ ਦੀ ਯਾਦ ਵਿਚ ਮੈਂ 13 ਲੱਖ ਰੁਪਏ ਲਾ ਕੇ ਐਜੂਕੇਸ਼ਨਲ ਪਾਰਕ ਬਣਵਾਇਆ ਅਤੇ 20 ਲੱਖ ਰੁਪਏ ਲਗਾ ਕੇ ਓਪਨ ਜਿਮ ਬਣਾਇਆ। ਹੜ੍ਹਾਂ ਦੌਰਾਨ 4 ਲੱਖ ਦੀਆਂ ਤਰਪਾਲਾਂ ਵੰਡੀਆਂ ਅਤੇ ਆਪਣੇ ਪੈਟਰੋਲ ਪੰਪ ਤੋਂ ਡੀਜ਼ਲ ਵੰਡਿਆ। ਮੈਂ ਲੋਕਾਂ ਦੀ ਵਿੱਤੀ ਤੌਰ ’ਤੇ ਵੀ ਮਦਦ ਕਰ ਰਹੀ ਹਾਂ।
ਪਾਰਟੀ ਨੇ ਤੁਹਾਨੂੰ ਨਜ਼ਰਅੰਦਾਜ਼ ਕਰ ਕੇ ਕਿਸੇ ਹੋਰ ਨੂੰ ਹਲਕਾ ਇੰਚਾਰਜ ਕਿਉਂ ਲਗਾ ਦਿੱਤਾ?
- ਮੇਰੇ ਲਈ ਇਹ ਬਹੁਤ ਵੱਡਾ ਝਟਕਾ ਸੀ ਪਰ ਅਸੀਂ ਪਾਰਟੀ ਹਾਈਕਮਾਨ ਦਾ ਫ਼ੈਸਲਾ ਸਿਰ ਨਿਵਾ ਕੇ ਮੰਨਿਆ। ਲੋਕ ਵੀ ਮੇਰੇ ਕੋਲ ਆ ਕੇ ਕਹਿੰਦੇ ਸਨ ਕਿ ਪਾਰਟੀ ਨੇ ਬਹੁਤ ਮਾੜਾ ਕੀਤਾ। ਮੈਂ ਹਲਕਾ ਇੰਚਾਰਜ ਲਈ ਵੀ ਤੇ ਉਮੀਦਵਾਰੀ ਲਈ ਵੀ ਦਾਅਵੇਦਾਰ ਹਾਂ। ਅਸੀਂ ਇਲਾਕੇ ਵਿਚ ਬਹੁਤ ਕੰਮ ਕੀਤੇ ਹਨ ਤੇ ਹਲਕੇ ਦੇ ਲੋਕ ਮੈਨੂੰ ਚਾਹੁੰਦੇ ਵੀ ਹਨ। ਰਹੀ ਗੱਲ ਪਾਰਟੀ ਛੱਡਣ ਦੀ ਤਾਂ ਮੇਰੇ ਪਤੀ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਤੇ ਮੈਂ ਵੀ ਇਸੇ ਪਾਰਟੀ ਵਿਚ ਹੀ ਰਹਾਂਗੀ। ਜੇ ਮੈਨੂੰ ਪਾਰਟੀ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਵੀ ਦਿੱਤੀ ਜਾਂਦੀ, ਫਿਰ ਵੀ ਮੈਂ ਪਾਰਟੀ ਦੀ ਮਦਦ ਕਰਦੀ ਰਹਾਂਗੀ। ਸਾਡੀ ਸਰਕਾਰ ਨੇ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਕੰਮ ਕੀਤਾ ਹੈ ਤੇ 2027 ਵਿਚ ਵੀ ਸਾਡੀ ਹੀ ਸਰਕਾਰ ਆਵੇਗੀ। ਮੈਂ ਪਾਰਟੀ ਹਾਈਕਮਾਨ ਨੂੰ ਅਪੀਲ ਕਰਦੀ ਹਾਂ ਕਿ ਉਹ ਮੇਰੇ ਕੰਮਾਂ ਨੂੰ ਦੇਖੇ ਅਤੇ ਇਕ ਫੇਅਰ ਸਰਵੇ ਕਰਵਾਏ। ਜੇ ਔਰਤ ਇਕ ਪਰਿਵਾਰ ਨੂੰ ਸੰਭਾਲ ਸਕਦੀ ਹੈ ਤਾਂ ਉਹ ਇਲਾਕੇ ਤੇ ਦੇਸ਼ ਨੂੰ ਵੀ ਸੰਭਾਲ ਸਕਦੀ ਹੈ। ਮੈਂ ਵਿੱਤੀ ਤੌਰ ’ਤੇ ਮਜ਼ਬੂਤ ਹਾਂ ਤੇ ਬਿਨਾਂ ਕਿਸੇ ਅਹੁਦੇ ਤੋਂ ਵੀ ਲੋਕਾਂ ਦੀ ਨਿੱਜੀ ਤੌਰ ’ਤੇ ਮਦਦ ਕਰ ਰਹੀ ਹਾਂ।
ਪਾਰਟੀ ਸੁਪਰੀਮੋ ਅਤੇ ਲੀਡਰਸ਼ਿਪ ਨੂੰ ਤੁਹਾਡੀ ਕੀ ਅਪੀਲ ਹੈ?
-ਮੇਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਜੀ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਮੇਰੇ ਕੰਮਾਂ ਨੂੰ ਦੇਖਣ। ਅਸੀਂ ਇਸ ਪਾਰਟੀ ਵਿਚੋਂ ਕਮਾਇਆ ਕੁਝ ਨਹੀਂ, ਬਲਕਿ ਗਵਾਇਆ ਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਾਥੀ ਗਵਾਇਆ, ਜਿਨ੍ਹਾਂ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਹੜ੍ਹਾਂ ਵਿਚ ਵੀ ਲੋਕਾਂ ਦੀ ਮਦਦ ਕੀਤੀ। ਉਸ ਵੇਲੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਨੂੰ ਵੇਖਦਿਆਂ ਗੰਦੇ ਪਾਣੀ ਵਿਚ ਜਾਣ ਤੋਂ ਵੀ ਮਨ੍ਹਾਂ ਕੀਤਾ ਸੀ ਪਰ ਫ਼ਿਰ ਵੀ ਉਨ੍ਹਾਂ ਨੇ ਲੋਕਾਂ ਦੀ ਮਦਦ ਜਾਰੀ ਰੱਖੀ। ਵਿੱਤੀ ਤੌਰ ’ਤੇ ਵੀ ਅਸੀਂ ਕਾਫ਼ੀ ਪੈਸਾ ਪਾਰਟੀ ਅਤੇ ਲੋਕ ਭਲਾਈ ’ਤੇ ਲਗਾਇਆ ਹੈ। ਮੈਂ ਪਾਰਟੀ ਨੂੰ ਅਪੀਲ ਕਰਦੀ ਹਾਂ ਕਿ ਮੈਨੂੰ 2027 ਵਿਚ ਮੌਕਾ ਦਿੱਤਾ ਜਾਵੇ ਅਤੇ ਇਸ ਤੋਂ ਪਹਿਲਾਂ ਹਲਕੇ ਦੀ ਵਾਗਡੋਰ ਮੈਨੂੰ ਸੌਂਪੀ ਜਾਵੇ। ਮੈਂ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਜ਼ਰੂਰ ਪਾਵਾਂਗੀ।
ਸ਼ਾਹਕੋਟ ਹਲਕੇ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ?
- ਬਹੁਤ ਲੰਮਾ ਅਰਸਾ ਵਿਦੇਸ਼ ਵਿਚ ਰਹਿਣ ਕਾਰਨ ਮੈਂ ਵੇਖਦੀ ਹਾਂ ਕਿ ਅਸੀਂ ਸਿਹਤ, ਸਿੱਖਿਆ ਤੇ ਵਾਤਾਵਰਣ ਪੱਖੋਂ ਕਾਫੀ ਪਿੱਛੇ ਹਾਂ। ਮੇਰਾ ਵਿਜ਼ਨ ਹੈ ਕਿ ਅਸੀਂ ਇੱਥੇ ਕੁੜੀਆਂ ਦਾ ਕਾਲਜ ਖੋਲ੍ਹਾਂਗੇ, ਕਿਉਂਕਿ ਸਾਡੇ ਪਿੰਡ ਵਿਚ ਸਕੂਲ ਸਿਰਫ਼ ਅੱਠਵੀਂ ਤੱਕ ਹੈ। ਅਸੀਂ ਇਲਾਕੇ ਦੀਆਂ ਔਰਤਾਂ ਲਈ ਇਕ ਉਦਯੋਗ ਜਾਂ ਰੋਜ਼ਗਾਰ ਦਾ ਸਾਧਨ ਖੋਲ੍ਹਣਾ ਚਾਹੁੰਦੇ ਹਾਂ। ਵਾਤਾਵਰਣ ਨੂੰ ਸਾਫ਼ ਰੱਖਣ ਲਈ ਅਸੀਂ ਆਪਣੀ ਜ਼ਮੀਨ ’ਤੇ ਜੰਗਲ ਵੀ ਲਵਾਇਆ ਸੀ।
ਕੁੱਟਮਾਰ ਦੇ ਦੋਸ਼ਾਂ ’ਚ 5 ਨਾਮਜ਼ਦ
NEXT STORY