ਰਈਆ (ਹਰਜੀਪ੍ਰੀਤ) : ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਸਥਾਨਕ ਕਸਬੇ 'ਚ ਜੀ. ਟੀ. ਰੋਡ 'ਤੇ ਪੱਡਾ ਪੈਟਰੋਲ ਪੰਪ ਨੇੜੇ ਇਕ ਬੇਕਾਬੂ ਟਰੱਕ ਵੱਲੋਂ ਉਲਟ ਸਾਈਡ ਜਾ ਕੇ ਇਕ ਕਾਰ ਨੂੰ ਟੱਕਰ ਮਾਰਨ ਕਾਰਨ ਕਾਰ ਸਵਾਰ ਲੜਕੇ-ਲੜਕੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਟਿੰਕੂ ਵਾਸੀ ਫੇਰੂਮਾਨ ਅਤੇ ਲੜਕੀ ਸ਼ਾਲੂ ਦੇਵੀ ਪੁੱਤਰੀ ਕਿਸ਼ਨ ਚੰਦ ਵਾਸੀ ਬਾਰਿਨ ਸਾਹਿਬ ਜ਼ਿਲਾ ਪਠਾਨਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਕਾਰ 'ਚ ਬਾਬਾ ਬਕਾਲਾ ਸਾਹਿਬ ਵਿਖੇ ਚੋਣ ਡਿਊਟੀ ਲਈ ਜਾ ਰਹੇ ਸਨ, ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਬਿਆਸ ਤੋਂ ਕਣਕ ਲਾਹ ਕੇ ਆ ਰਹੇ ਟਰੱਕ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਈਆ ਚਲਾ ਰਿਹਾ ਸੀ, ਨੇ ਡਿਵਾਈਡਰ ਟੱਪ ਕੇ ਕਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸੇ ਦੌਰਾਨ ਰਵਿੰਦਰ ਸਿੰਘ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ ਸ਼ਾਲੂ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ 'ਚ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।

ਵਰਣਨਯੋਗ ਹੈ ਕਿ ਰਵਿੰਦਰ ਸਿੰਘ ਆਪਣੇ ਪਿਤਾ ਦੀ ਮੌਤ ਹੋਣ ਕਰ ਕੇ ਉਸ ਦੀ ਥਾਂ ਨਹਿਰੀ ਵਿਭਾਗ 'ਚ ਨੌਕਰੀ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਬੱਚਾ ਛੱਡ ਗਿਆ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਕਿਸੇ ਦੂਸਰੇ ਟਰੱਕ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਦੌਰਾਨ ਦੂਜੇ ਟਰੱਕ ਨੇ ਇਸ ਨੂੰ ਸਾਈਡ ਮਾਰ ਦਿੱਤੀ ਤੇ ਇਹ ਟਰੱਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੋਇਲੇ ਦੀ ਖਾਨ 'ਚ ਫਸੇ ਮਜ਼ਦੂਰ : ਰੈਸਕਿਊ ਲਈ ਅੰਮ੍ਰਿਤਸਰ ਦੇ ਸਿੱਖ ਨੂੰ ਬੁਲਾਵਾ
NEXT STORY