ਕੋਟਕਪੂਰਾ (ਨਰਿੰਦਰ) - ਸਥਾਨਕ ਜੈਤੋ ਰੋਡ 'ਤੇ ਵਾਪਰੇ ਇਕ ਹਾਦਸੇ ਦੌਰਾਨ ਮਾਰਕੀਟ ਕਮੇਟੀ ਕੋਟਕਪੂਰਾ ਦੇ ਸੁਪਰਡੈਂਟ ਬਲਵੰਤ ਸਿੰਘ ਮੱਤਾ ਪੁੱਤਰ ਹੰਸਾ ਸਿੰਘ ਸਾਬਕਾ ਸਰਪੰਚ ਮੱਤਾ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਮੱਤਾ ਪਿੰਡ ਮੱਤਾ ਤੋਂ ਮੋਟਰਸਾਈਕਲ 'ਤੇ ਆਪਣੀ ਡਿਊਟੀ 'ਤੇ ਕੋਟਕਪੂਰਾ ਵੱਲ ਨੂੰ ਆ ਰਹੇ ਸੀ ਤਾਂ ਇਸ ਦੌਰਾਨ ਰਸਤੇ 'ਚ ਕੋਲੋਂ ਲੰਘੀ ਇਕ ਬੱਸ ਤੋਂ ਬਾਅਦ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਨਾਲ ਲੱਗਦੇ ਇਕ ਦਰੱਖ਼ਤ ਨਾਲ ਟਕਰਾ ਗਿਆ। ਇਸ ਹਾਦਸੇ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਮੌਕੇ 'ਤੇ ਇਕੱਤਰ ਹੋਏ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਇਲਾਜ ਲਈ ਬਾਬਾ ਦਿਆਲ ਸਿੰਘ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਸੱਟਾਂ ਗੰਭੀਰ ਹੋਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਭੇਜ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਜ਼ਿਲਾ ਮੰਡੀ ਅਫ਼ਸਰ ਕੁਲਬੀਰ ਸਿੰਘ ਮੱਤਾ, ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਸੰਦੀਪ ਸਿੰਘ ਗੋਂਦਾਰਾ, ਗੁਰਪ੍ਰੀਤ ਸਿੰਘ ਢਿੱਲੋਂ, ਜਸਵੀਰ ਸਿੰਘ ਮੱਤਾ, ਜਥੇਦਾਰ ਰਾਜਿੰਦਰ ਸਿੰਘ ਮੱਤਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਯੂਥ ਕਾਂਗਰਸੀ ਆਗੂ ਧਰਮ ਸਿੰਘ ਢੈਪਈ, ਰੋਬਿਨ ਸਿੰਘ ਢੈਪਈ ਸਮੇਤ ਮਾਰਕੀਟ ਕਮੇਟੀ ਦੇ ਸਮੂਹ ਕਰਮਚਾਰੀਆਂ ਅਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਨੇ ਉਨ੍ਹਾਂ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਲੰਬੀ, (ਜ.ਬ.)-ਸਥਾਨਕ ਮਲੋਟ ਰੋਡ 'ਤੇ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਇਕ ਹਾਦਸੇ 'ਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਪੰਜਾਵਾ ਆਪਣੀ ਗਰਭਵਤੀ ਪਤਨੀ ਨੂੰ ਹਸਪਤਾਲ ਦਿਖਾਉਣ ਲਈ ਮਲੋਟ ਸ਼ਹਿਰ ਨੂੰ ਆ ਰਿਹਾ ਸੀ ਕਿ ਨਹਿਰਾਂ ਕੋਲ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਕਾਰਨ ਉਹ ਮੋਟਰਸਾਈਕਲ ਸਮੇਤ ਡੂੰਘੇ ਟੋਏ 'ਚ ਜਾ ਡਿੱਗੇ ਤੇ ਗੰਭੀਰ ਜ਼ਖਮੀ ਹੋ ਗਏ । ਇਸ ਦੌਰਾਨ ਉਸ ਦੀ ਪਤਨੀ ਭਿਆਨਕ ਦਰਦ ਹੋਣ ਲੱਗਾ ਤਾਂ ਨਜ਼ਦੀਕ ਪੈਂਦੀ ਚੈੱਕ ਪੋਸਟ 'ਤੇ ਤਾਇਨਾਤ ਪੁਲਸ ਮੁਲਾਜ਼ਮ ਐੱਸ. ਸੀ. ਗੁਰਸ਼ਰਨ ਸਿੰਘ, ਹੌਲਦਾਰ ਲਛਮਣ ਸਿੰਘ ਤੇ ਕਾਂਸਟੇਬਲ ਜਗਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਨਜ਼ਦੀਕ ਲੰਬੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਪਰ ਲੰਬੀ ਦੇ ਸਰਕਾਰੀ ਹਸਪਤਾਲ 'ਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਮਾਮੂਲੀ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਲੋਕਾਂ ਨੇ ਪ੍ਰਸ਼ਾਸਨ ਤੋਂ ਪਹਿਲਾਂ ਵੀ ਬਹੁਤ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲ 'ਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ ਪਰ ਹੁਣ ਤੱਕ ਹਸਪਤਾਲ 'ਚ ਕਿਸੇ ਵੀ ਮੁਲਾਜ਼ਮ ਦੀ ਨਿਯੁਕਤੀ ਨਹੀਂ ਕੀਤੀ ਗਈ, ਜਿਸ ਕਰਕੇ ਦੁਰਘਟਨਾ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੈਤੋ, (ਜਿੰਦਲ)—ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਨਜ਼ਦੀਕ ਇਕ ਨੌਜਵਾਨ ਜੈਤੋ ਤੋਂ ਕੋਟਕਪੂਰਾ ਵੱਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਅਚਾਨਕ ਅੱਗੇ ਕੋਈ ਆਵਾਰਾ ਪਸ਼ੂ ਆ ਜਾਣ ਕਾਰਨ ਉਸ ਦੇ ਮੋਟਰਸਾਈਕਲ ਦਾ ਬੈਂਲਸ ਵਿਗੜ ਗਿਆ ਅਤੇ ਉਸ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ 'ਤੇ ਲੱਗੇ ਹੋਏ ਦਰੱਖਤ ਨਾਲ ਟਕਰਾਅ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ।
ਸੂਚਨਾ ਮਿਲਦੇ ਹੀ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਆਗੂ ਨਵਨੀਤੀ ਗੋਇਲ, ਸੁਮਿਤ ਜਿੰਦਲ ਅਤੇ ਡਰਾਈਵਰ ਮੀਤਾ ਐਂਬੂਲੈਂਸ 'ਤੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖਮੀ ਤੇ ਬੇਹੋਸ਼ੀ ਦੀ ਹਾਲਤ 'ਚ ਪਏ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲੈ ਗਏ ਅਤੇ ਦਾਖਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ। ਉਸ ਦੀ ਪਛਾਣ ਨਹੀਂ ਹੋ ਸਕੀ।
ਹਰੀ ਨੌਂ ਫਾਟਕ ਲੋਕਾਂ ਲਈ ਬਣਿਆ ਸਿਰਦਰਦੀ
NEXT STORY