ਕੋਟਕਪੂਰਾ (ਨਰਿੰਦਰ) - ਕੋਈ ਸਮਾਂ ਸੀ ਜਦ ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਰੇਲਵੇ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਮਰਹੂਮ ਦੀਦਾਰ ਸੰਧੂ ਨੇ ਇਸ 'ਤੇ ਵਿਅੰਗ ਕਸਦਿਆਂ ਗੀਤ 'ਹੁਣ ਬੰਦ ਪਿਆ ਦਰਵਾਜ਼ਾ, ਜਿਵੇਂ ਫ਼ਾਟਕ ਕੋਟਕਪੂਰੇ ਦਾ..... ਲਿਖ ਦਿੱਤਾ। ਦੀਦਾਰ ਸੰਧੂ ਦਾ ਗਾਇਆ ਇਹ ਗੀਤ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਬਹੁਤ ਪ੍ਰਸਿੱਧ ਹੋਇਆ, ਜਿਸ ਨਾਲ ਕੋਟਕਪੂਰਾ ਸ਼ਹਿਰ ਇਸ ਬੰਦ ਫਾਟਕ ਕਾਰਨ ਦੁਨੀਆ ਭਰ 'ਚ ਪ੍ਰਸਿੱਧ ਹੋ ਗਿਆ। ਭਾਵੇਂ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਦਾ ਬਹੁਤ ਲੰਮਾ ਸਮਾਂ ਸਾਹਮਣਾ ਕਰਨਾ ਪਿਆ ਪਰ ਇਸ ਸਮੱਸਿਆ ਸਬੰਧੀ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਕੋਟਕਪੂਰਾ ਵਿਖੇ ਰੇਲਵੇ ਲਾਈਨਾਂ 'ਤੇ ਪੁਲ ਬਣਾਉਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ। ਫ਼ਿਰ ਜਦ ਸੁਖਬੀਰ ਸਿੰਘ ਬਾਦਲ ਜਿੱਤ ਕੇ ਕੇਂਦਰੀ ਮੰਤਰੀ ਬਣੇ ਤਾਂ ਉਨ੍ਹਾਂ ਸਰਕਾਰ ਤੱਕ ਪਹੁੰਚ ਕਰ ਕੇ 2 ਨਵੰਬਰ 2000 'ਚ ਕੋਟਕਪੂਰਾ ਵਿਖੇ ਕੇਂਦਰੀ ਮੰਤਰੀ ਦਿਗਵਿਜੇ ਸਿੰਘ ਨੂੰ ਬੁਲਾ ਕੇ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਏ ਰੇਲਵੇ ਪੁਲ ਨੂੰ ਮੁਕੰਮਲ ਕਰਵਾ ਕੇ ਕੇਂਦਰੀ ਮੰਤਰੀ ਤੋਂ ਇਸ ਦਾ ਰਸਮੀ ਉਦਘਾਟਨ ਕਰਵਾਇਆ ਸੀ।
ਇਸ ਪੁਲ ਦੇ ਬਣਨ ਨਾਲ ਜਿਥੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ, ਉਥੇ ਲੰਮਾ ਸਮਾਂ ਇਸ ਫਾਟਕ 'ਤੇ ਖੜ੍ਹੇ ਰਹਿਣ ਲਈ ਮਜਬੂਰ ਬੱਸਾਂ ਤੇ ਹੋਰ ਵਾਹਨ ਚਾਲਕਾਂ ਨੇ ਵੀ ਭਾਰੀ ਰਾਹਤ ਮਹਿਸੂਸ ਕੀਤੀ। ਹੁਣ ਇਕ ਵਾਰ ਫਿਰ ਸਥਾਨਕ ਹਰੀ ਨੌ ਰੋਡ 'ਤੇ ਪੈਂਦੇ ਰੇਲਵੇ ਫਾਟਕ ਨੇ ਕੋਟਕਪੂਰਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਮਰਹੂਮ ਗਾਇਕ ਦੀਦਾਰ ਸੰਧੂ ਦੇ ਇਸ ਗਾਣੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਕਿਉਂਕਿ ਇਹ ਫਾਟਕ ਅਕਸਰ ਹੀ ਬੰਦ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਸਾਰਾ-ਸਾਰਾ ਦਿਨ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੇਲਵੇ ਫ਼ਾਟਕ ਤੋਂ ਪਾਰ ਸ਼ਹਿਰ ਦੀ ਬਹੁਤ ਜ਼ਿਆਦਾ ਆਬਾਦੀ ਵੱਸਦੀ ਹੈ। ਸ਼ਹਿਰੀ ਇਲਾਕੇ 'ਚ ਸੁਰਗਾਪੁਰੀ, ਚੋਪੜਿਆਂ ਵਾਲਾ ਬਾਗ਼, ਬਾਹਮਣਵਾਲਾ ਰੋਡ, ਹਰੀ ਨੌ ਰੋਡ, ਮੁਹੱਲਾ ਨਿਰਮਾਣਪੁਰਾ, ਗੋਬਿੰਦਪੁਰੀ ਬਸਤੀ, ਧੰਨਾ ਬਸਤੀ ਨੂੰ ਇਹ ਫ਼ਾਟਕ ਪਾਰ ਕਰ ਕੇ ਜਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਬਾਹਮਣਵਾਲਾ, ਢਾਬ, ਕੋਹਾਰਵਾਲਾ, ਹਰੀ ਨੌ, ਕਾਸਮਭੱਟੀ, ਭੈਰੋਂ ਭੱਟੀ, ਸੂਰਘੂਰੀ ਅਤੇ ਹੋਰਨਾਂ ਪਿੰਡਾਂ ਨੂੰ ਆਉਣ-ਜਾਣ ਲਈ ਵੱਡੀ ਗਿਣਤੀ 'ਚ ਲੋਕ ਹਰੀ ਨੌ ਸੜਕ ਦੀ ਹੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਘੱਟ ਸਮੇਂ 'ਚ ਗਿੱਦੜਬਾਹਾ, ਦੋਦਾ ਜਾਣ ਦੇ ਚਾਹਵਾਨ ਤੇ ਜਾਣਕਾਰ ਵਿਅਕਤੀ ਹਰੀ ਨੌ ਨੂੰ ਜਾਣ ਵਾਲੀ ਮੁੱਖ ਸੜਕ ਦੀ ਵਰਤੋਂ ਕਰਦੇ ਹਨ ਪਰ ਇਹ ਫਾਟਕ ਬੰਦ ਰਹਿਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਸਮੱਸਿਆ ਆ ਰਹੀ ਹੈ।
ਗੱਡੀਆਂ ਦੀ ਜ਼ਿਆਦਾ ਆਵਾਜਾਈ
ਕੋਟਕਪੂਰੇ ਤੋਂ ਵੱਖ-ਵੱਖ ਸ਼ਹਿਰਾਂ ਨੂੰ ਰੇਲਵੇ ਟਾਈਮ ਪਹਿਲਾਂ ਨਾਲੋਂ ਵਧੇ ਹੋਣ ਕਾਰਨ ਗੱਡੀਆਂ ਦੀ ਆਵਾਜਾਈ ਵੀ ਵਧੀ ਹੈ, ਜਿਸ ਕਾਰਨ ਇਹ ਫ਼ਾਟਕ ਵਧੇਰੇ ਕਰ ਕੇ ਬੰਦ ਹਾਲਤ 'ਚ ਮਿਲਦਾ ਹੈ। ਵਾਰ-ਵਾਰ ਫ਼ਾਟਕ ਦੇ ਬੰਦ ਹੋਣ ਕਾਰਨ ਸ਼ਹਿਰ ਦੇ ਬਹੁ-ਗਿਣਤੀ ਲੋਕਾਂ ਨੂੰ ਹਰੀ ਨੌ ਪਾਸੇ ਆਉਣ-ਜਾਣ ਲੱਗਿਆ ਭਾਰੀ ਦਿੱਕਤ ਆਉਂਦੀ ਹੈ। ਹਰੀ ਨੌ ਵਾਲੇ ਰੇਲਵੇ ਫ਼ਾਟਕ ਕੋਲ ਸੱਤ ਰੇਲਵੇ ਲਾਈਨਾਂ ਦੇ ਕਾਂਟੇ ਬਣ ਜਾਂਦੇ ਹਨ, ਜਿਨ੍ਹਾਂ 'ਤੇ ਮਾਲ ਗੱਡੀਆਂ ਦੀ ਸ਼ੰਟਿੰਗ ਮੌਕੇ ਕਈ ਵਾਰ ਤਾਂ 30 ਤੋਂ 40 ਮਿੰਟਾਂ ਦਾ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਫ਼ਾਟਕ ਦੇ ਨੇੜੇ ਹੀ ਪਲੇਟੀ ਹੈ, ਜਿਥੇ ਕਿ ਕਣਕ, ਖ਼ਾਦਾਂ, ਚੌਲ ਤੇ ਹੋਰ ਸਾਮਾਨ ਦਾ ਲਾਹੁਣਾ ਤੇ ਲੱਦਣਾ ਜਾਰੀ ਰਹਿੰਦਾ ਹੈ। ਇਸ ਕਾਰਨ ਰੇਲਵੇ ਵਿਭਾਗ ਨੂੰ ਫ਼ਾਟਕ ਬੰਦ ਕਰ ਦੇਣ ਦੀ ਮਜਬੂਰੀ ਹੁੰਦੀ ਹੈ।
ਬੰਦ ਫਾਟਕ ਹੇਠੋਂ ਲੰਘਦੇ ਹਨ ਲੋਕ
ਫ਼ਾਟਕ ਦੇ ਵਾਰ-ਵਾਰ ਬੰਦ ਹੋਣ 'ਤੇ ਖ਼ਾਸ ਕਰ ਕੇ ਦੋਪਹੀਆ ਵਾਹਨਾਂ ਵਾਲੇ ਕਈ ਵਾਰ ਫ਼ਾਟਕ ਦੇ ਹੇਠੋਂ ਦੀ ਲੰਘਣ ਦਾ ਯਤਨ ਵੀ ਕਰਦੇ ਹਨ। ਇਸ ਕਾਰਨ ਕਈ ਵਾਰ ਮਸ਼ੀਨਰੀ ਦਾ ਨੁਕਸਾਨ ਵੀ ਹੋ ਜਾਂਦਾ ਹੈ ਤੇ ਕਈ ਵਾਰ ਰੇਲਵੇ ਪੁਲਸ ਅਧਿਕਾਰੀਆਂ ਵੱਲੋਂ ਅਚਾਨਕ ਕੀਤੀ ਕਾਰਵਾਈ ਦੌਰਾਨ ਚਲਾਨ ਵੀ ਕਟਾਉਣੇ ਪੈ ਜਾਂਦੇ ਹਨ। ਵਾਹਨਾਂ ਦੇ ਨੁਕਸਾਨ ਅਤੇ ਚਲਾਨ ਆਦਿ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਬੰਦ ਫਾਟਕ ਦੌਰਾਨ ਰੇਲਵੇ ਲਾਈਨਾਂ ਤੋਂ ਲੰਘਣ ਲੱਗਿਆ ਵਾਹਨ ਚਾਲਕਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਦੁਕਾਨਦਾਰਾਂ ਨੂੰ ਪੈ ਰਹੀ ਮਾਰ
ਇਸ ਫਾਟਕ ਦੇ ਜ਼ਿਆਦਾਤਰ ਬੰਦ ਰਹਿਣ ਕਾਰਨ ਫਾਟਕ ਦੇ ਨੇੜਲੇ ਦੁਕਾਨਦਾਰਾਂ ਨੂੰ ਵੀ ਮਾਰ ਪੈ ਰਹੀ ਹੈ ਕਿਉਂਕਿ ਰੇਲਵੇ ਫ਼ਾਟਕ ਖੁੱਲ੍ਹਣ ਦੀ ਲੰਬਾ ਸਮਾਂ ਉਡੀਕ 'ਚ ਦੋਵੇਂ ਪਾਸੇ ਖੜ੍ਹੇ ਵਿਅਕਤੀ ਆਖ਼ਰ ਅੱਕ ਕੇ ਕਿਸੇ ਹੋਰ ਰਸਤੇ ਤੋਂ ਹੋ ਕੇ ਆਉਣ-ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਸਮੇਂ ਤੇ ਤੇਲ ਦੋਵਾਂ ਦੀ ਬਰਬਾਦੀ ਹੁੰਦੀ ਹੈ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਫ਼ਾਟਕ ਬੰਦ ਰਹਿਣ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਫਾਟਕ ਬੰਦ ਹੋਣ ਕਾਰਨ ਲੋਕ ਕੋਈ ਵੀ ਚੀਜ਼ ਹਰੀ ਨੌ ਸੜਕ ਵਾਲੀਆਂ ਦੁਕਾਨਾਂ ਤੋਂ ਲੈਣ ਦੀ ਬਜਾਏ ਸ਼ਹਿਰ 'ਚੋਂ ਲੈਣ ਨੂੰ ਵਧੇਰੇ ਤਰਜੀਹ ਦਿੰਦੇ ਹਨ।
ਯੂਨੀਵਰਸਿਟੀ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਕਲਾਸਾਂ ਦਾ ਬਾਈਕਾਟ
NEXT STORY