ਲਾਡੋਵਾਲ(ਰਵੀ)- ਲੁਧਿਆਣਾ–ਜਲੰਧਰ ਹਾਈਵੇ 'ਤੇ ਸਥਿਤ ਪਿੰਡ ਮੱਝਫੱਗੂਵਾਲ ਕੋਲ ਕੈਂਟਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਹੋਈ ਟੱਕਰ 'ਚ ਇਕ 10 ਦਿਨ ਪਹਿਲਾਂ ਵਿਆਹੀ ਲੜਕੀ ਦੀ ਮੌਤ ਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣਾ ਮੁਖੀ ਵਰਿੰਦਰਪਾਲ ਸਿੰਘ ਅਤੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਸਾਈਡ ਤੋਂ ਇਕ ਨਵ-ਵਿਆਹੁਤਾ ਜੋੜਾ ਜੋ ਮੋਟਰਸਾਈਕਲ ਤੇ ਫਿਲੌਰ ਵੱਲ ਜਾ ਰਿਹਾ ਸੀ ਕਿ ਪਿੱਛੋਂ ਇਕ ਤੇਜ਼ ਰਫਤਾਰ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਲੜਕਾ ਅਤੇ ਲੜਕੀ ਸੜਕ 'ਤੇ ਡਿੱਗ ਪਏ। ਬੇਕਾਬੂ ਕੈਂਟਰ ਦਾ ਟਾਇਰ ਲੜਕੀ ਦੇ ਉੱਪਰੋਂ ਲੰਘ ਗਿਆ। ਲੜਕੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਕਰਨ ਉਪਰੰਤ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦਾ ਪਤੀ ਜ਼ੇਰੇ ਇਲਾਜ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਂਚ ਅਧਿਕਾਰੀ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਵਿੰਦਰ ਕੌਰ ਪਤਨੀ ਰੂਪ ਲਾਲ ਵਾਸੀ ਪਿੰਡ ਦੰਦੂਵਾਲ ਵਜੋਂ ਹੋਈ ਹੈ। ਮ੍ਰਿਤਕ (28) ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਤੇ ਉਸ ਦਾ ਪਤੀ ਲੁਧਿਆਣਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ। ਹਾਦਸਾ ਉਦੋਂ ਵਾਪਰਿਆ ਜਦ ਉਹ ਵਾਪਸ ਆਪਣੇ ਪਿੰਡ ਦੰਦੂਵਾਲ ਨੂੰ ਜਾ ਰਹੇ ਸਨ। ਮ੍ਰਿਤਕ ਦਾ ਵਿਆਹ ਸਿਰਫ 10 ਦਿਨ ਪਹਿਲਾਂ ਹੀ ਹੋਇਆ ਸੀ। ਪੁਲਸ ਥਾਣਾ ਲਾਡੋਵਾਲ ਨੇ ਮਾਮਲਾ ਦਰਜ ਕਰ ਲਿਆ ਹੈ, ਜਦ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਜਾ ਸਕਦੇ ਨੇ : ਸੱਚਰ
NEXT STORY