ਫਿਰੋਜ਼ਪੁਰ (ਆਨੰਦ) : ਥਾਣਾ ਸਦਰ ਫ਼ਿਰੋਜ਼ਪੁਰ ਦੇ ਇਲਾਕੇ ਅਧੀਨ ਪੈਂਦੀ ਮੋਗਾ ਰੋਡ ’ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਗੰਭੀਰ ਜ਼ਖ਼ਮੀ ਹੋਏ ਟੈਕਸੀ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ 'ਚ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਜਵੀਰ ਪਤਨੀ ਵਿੱਕੀ ਵਾਸੀ ਪਿੰਡ ਗਿੱਲਾਂਵਾਲਾ ਨੇ ਦੱਸਿਆ ਕਿ ਉਸ ਦਾ ਪਤੀ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਬੀਤੀ 10 ਨਵੰਬਰ 2026 ਨੂੰ ਉਸ ਦਾ ਪਤੀ ਆਪਣੇ ਦੋਸਤ ਐਂਥਨੀ ਨਾਲ ਫ਼ਿਰੋਜ਼ਪੁਰ ਕੈਂਟ ਵਿਖੇ ਕਿਸੇ ਪਾਰਟੀ ’ਤੇ ਗਿਆ ਸੀ।
ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਤੇਲ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਉਸ ਦਾ ਪਤੀ ਕਿਸੇ ਤੋਂ ਮੋਟਰਸਾਈਕਲ ਮੰਗ ਕੇ ਮੋਗਾ ਰੋਡ ’ਤੇ ਸਥਿਤ ਪੈਟਰੋਲ ਪੰਪ ਤੋਂ ਤੇਲ ਲਿਆਉਣ ਲਈ ਗਿਆ ਸੀ। ਰਸਤੇ ਵਿਚ ਇਕ ਅਣਪਛਾਤੇ ਕਾਰ ਚਾਲਕ ਨੇ ਉਸ ਦੇ ਮੋਟਰਸਾਈਕਲ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਵਿੱਕੀ ਦੇ ਸਰੀਰ ’ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 13 ਨਵੰਬਰ 2026 ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਨਦੀਪ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੱਖਾਂ ਦੀਆਂ ਗੱਡੀਆਂ ਨੂੰ ਬੱਚੇ ਨੇ ਲਾਈ ਅੱਗ, CCTV 'ਚ ਕੈਦ ਵਾਰਦਾਤ, 6 ਮਹੀਨੇ ਪਹਿਲਾਂ ਹੀ ਖ਼ਰੀਦੀ ਸੀ
NEXT STORY