ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਰਾਜੀਆ ਨੇੜੇ ਸੈਲਰ ਕੋਲ ਇਕ ਮੋਟਰਸਾਈਕਲ ਦਾ ਅਚਾਨਕ ਟਾਇਰ ਫਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ 3 ਵਿਅਕਤੀ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਤੇਜ਼ ਕਾਰਵਾਈ ਕਾਰਨ ਜ਼ਖਮੀਆਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲੀ ਅਤੇ ਹਸਪਤਾਲ ਪਹੁੰਚਾਇਆ ਗਿਆ। ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਸ਼ਾਮ 5.13 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਟੀਮ ਸਿਰਫ਼ 4 ਮਿੰਟਾਂ ਵਿਚ 5.17 ਵਜੇ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਜਾਣਕਾਰੀ ਅਨੁਸਾਰ PB65R-7078 ਨੰਬਰ ਵਾਲਾ ਪਲੈਟੀਨਾ ਮੋਟਰਸਾਈਕਲ ਧਨੌਲਾ ਵਲੋਂ ਪਿੰਡ ਮੱਤੀ ਵੱਲ ਜਾ ਰਿਹਾ ਸੀ। ਅਚਾਨਕ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਿਆ। ਮੋਟਰਸਾਈਕਲ ਬਿੱਟੂ ਸਿੰਘ ਪੁੱਤਰ ਸੁਰਜੀਤ ਸਿੰਘ ਚਲਾ ਰਿਹਾ ਸੀ, ਜਦਕਿ ਉਸ ਦੇ ਪਿਤਾ ਸੁਰਜੀਤ ਸਿੰਘ ਅਤੇ ਭੂਆ ਗੇਬੋ ਕੌਰ ਵੀ ਨਾਲ ਸਵਾਰ ਸਨ। ਤਿੰਨੇ ਗਰਚਾ ਰੋਡ, ਬਰਨਾਲਾ ਦੇ ਵਸਨੀਕ ਹਨ ਅਤੇ ਪਿੰਡ ਮੱਤੀ ਵਿਖੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਜਾ ਰਹੇ ਸਨ।
ਸੜਕ ਸੁਰੱਖਿਆ ਫੋਰਸ ਟੀਮ ਨੇ ਤਿੰਨਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ। ਡਾਕਟਰੀ ਜਾਂਚ ਤੋਂ ਬਾਅਦ ਸਿਰ ’ਤੇ ਗੰਭੀਰ ਸੱਟ ਕਾਰਨ ਗੇਬੋ ਕੌਰ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ, ਜਦਕਿ ਬਿੱਟੂ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਟੀਮ ਨੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਵੀ ਸੁਚਾਰੂ ਕਰਵਾਈ। ਇਸ ਮੌਕੇ ਏ. ਐੱਸ. ਆਈ. ਅਮਰੀਕ ਸਿੰਘ, ਸਿਪਾਹੀ ਅਮਰਜੀਤ ਸਿੰਘ ਅਤੇ ਲੇਡੀ ਸਿਪਾਹੀ ਦੀਪਿਕਾ ਰਾਣੀ ਹਾਜ਼ਰ ਸਨ।
ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ ਕਿਹੜੇ ਰਹਿਣਗੇ ਬੰਦ
NEXT STORY