ਡੇਰਾਬੱਸੀ (ਅਨਿਲ ਸ਼ਰਮਾ): ਡੇਰਾਬੱਸੀ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਭਾਂਖਰਪੁਰ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 50 ਸਾਲਾ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਪ੍ਰਵਾਹੀ ਨਾਲ ਆਟੋ ਚਲਾਉਣ ਵਾਲੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਕਾਜਲ ਵਰਮਾ ਪੁੱਤਰੀ ਅਸ਼ੋਕ ਕੁਮਾਰ ਵਰਮਾ, ਵਾਸੀ ਪਿੰਡ ਸਾਂਗੀਪੁਰ, ਜ਼ਿਲ੍ਹਾ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼ ਨੇ ਦੱਸਿਆ ਕਿ 30 ਅਗਸਤ ਦੀ ਸਵੇਰ ਕਰੀਬ 4:00 ਵਜੇ ਉਹ ਆਪਣੇ ਪਰਿਵਾਰ ਸਮੇਤ ਆਟੋ ਵਿੱਚ ਸਵਾਰ ਹੋ ਕੇ ਡੇਰਾਬੱਸੀ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਭਾਂਖਰਪੁਰ ਕੋਲ ਪਹੁੰਚੇ ਤਾਂ ਆਟੋ ਚਾਲਕ ਨੇ ਬਹੁਤ ਹੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਰਸਤੇ ਵਿਚ ਖੜ੍ਹੇ ਇਕ ਕੰਟੇਨਰ ਵਿਚ ਆਟੋ ਦੇ ਮਾਰਿਆ। ਇਸ ਟੱਕਰ ਵਿਚ ਆਟੋ ਵਿਚ ਸਵਾਰ ਸਾਰੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ, ਸੈਕਟਰ-16 ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਸ਼ਿਕਾਇਤਕਰਤਾ ਦੀ ਨਾਨੀ ਆਸ਼ਾ ਦੇਵੀ ਉਰਫ਼ ਹਸਨਾ (50) ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਬਾਕੀ ਮੈਂਬਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਸ ਨੇ ਕਾਜਲ ਵਰਮਾ ਦੇ ਬਿਆਨਾਂ ਦੇ ਆਧਾਰ 'ਤੇ ਆਟੋ ਨੰਬਰ ਐਚ ਆਰ-68ਬੀ-6996 ਦੇ ਚਾਲਕ ਸ਼ਿਵ ਕੁਮਾਰ ਪੁੱਤਰ ਧੂਰਮ ਨਾਥ, ਹਾਲ ਵਾਸੀ ਪਰਸ਼ੂ ਰਾਮ ਕਲੋਨੀ, ਅੰਬਾਲਾ, ਹਰਿਆਣਾ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਹਾਦਸੇ ਤੋਂ ਬਾਅਦ ਦੋਸ਼ੀ ਆਟੋ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ ਦੇ DSP ਗੁਰਸ਼ੇਰ ਸੰਧੂ ਦੀ ਬਰਖ਼ਾਸਤਗੀ ਦੇ ਹੁਕਮ ਰੱਦ
NEXT STORY