ਫਾਜ਼ਿਲਕਾ (ਕ੍ਰਿਸ਼ਨ): ਥਾਣਾ ਖੂਈਖੇੜਾ ਅਧੀਨ ਪੈਂਦੇ ਪਿੰਡ ਬਾਂਡੀਵਾਲਾ ਰੋਡ 'ਤੇ ਲੱਕੜਾਂ ਨਾਲ ਭਰੇ ਟਰੈਕਟਰ-ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਮਜ਼ਦੂਰ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਵੱਲੋਂ ਸ਼ਿਕਾਇਤਕਰਤਾ ਸੁਰਜੀਤ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪਿੰਡ ਚੂਹੜੀਵਾਲਾ ਚਿਸ਼ਤੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੈਕਟਰ-ਟਰਾਲਾ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 106(1), 281 ਅਤੇ 125(A) ਤਹਿਤ ਮੁਕੱਦਮਾ ਨੰਬਰ 210 ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਹੈੱਡ ਕਾਂਸਟੇਬਲ ਮਨਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ, ਬੀਤੀ 22 ਨਵੰਬਰ 2026 ਦੀ ਸ਼ਾਮ ਨੂੰ ਜੋਗਿੰਦਰ ਸਿੰਘ ਪੁੱਤਰ ਸ਼ੇਰ ਸਿੰਘ, ਦੇਸ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਸੁਰਜੀਤ ਸਿੰਘ ਤਿੰਨੇ ਵਾਸੀ ਚੂਹੜੀਵਾਲਾ ਚਿਸ਼ਤੀ ਪਿੰਡ ਆਜ਼ਮਵਾਲਾ ਵਿਖੇ ਝੋਨੇ ਦੀਆਂ ਬੋਰੀਆਂ ਭਰਨ ਅਤੇ ਤੁਲਾਈ ਦਾ ਕੰਮ ਕਰਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਪਰਤ ਰਹੇ ਸਨ। ਬਾਂਡੀਵਾਲਾ ਰੋਡ 'ਤੇ ਅੱਗੇ ਜਾ ਰਹੇ ਲੱਕੜਾਂ ਨਾਲ ਭਰੇ ਟਰੈਕਟਰ-ਟਰਾਲੇ ਨੂੰ ਓਵਰਟੇਕ ਕਰਨ ਲੱਗਿਆਂ ਚਾਲਕ ਵੱਲੋਂ ਅਚਾਨਕ ਕੱਟ ਮਾਰਨ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ।
ਹਾਦਸੇ ਵਿਚ ਜੋਗਿੰਦਰ ਸਿੰਘ ਟਰਾਲੇ ਦੇ ਟਾਇਰ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੇਸ ਸਿੰਘ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਟਰੈਕਟਰ-ਟਰਾਲਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਿਆਨ ਦਰਜ ਕਰਨ ਅਤੇ ਪੋਸਟਮਾਰਟਮ ਵਿੱਚ ਹੋ ਰਹੀ ਦੇਰੀ ਤੋਂ ਨਾਰਾਜ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਸੀ, ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਦਰਜ ਕੀਤੇ ਅਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਇਸ ਇਲਾਕੇ 'ਚੋਂ ਮਿਲਿਆ 35,00,00,000 ਰੁਪਏ ਦਾ ਨਸ਼ਾ!
NEXT STORY