ਤਪਾ ਮੰਡੀ (ਸ਼ਾਮ ਗਰਗ): ਤਪਾ-ਤਾਜੋਕੇ ਰੋਡ ’ਤੇ ਸ਼ੈਲਰਾਂ ਨੇੜੇ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ, ਵਾਸੀ ਪਿੰਡ ਤਾਜੋਕੇ ਵਜੋਂ ਹੋਈ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਵੰਤ ਸਿੰਘ ਬੀਤੀ ਰਾਤ ਤਪਾ ਦੀ ਅਨਾਜ ਮੰਡੀ ਵਿਚ ਆਪਣੀ ਝੋਨੇ ਦੀ ਫ਼ਸਲ ਦੀ ਰਾਖੀ ਲਈ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਸੜਕ ਕਿਨਾਰੇ ਝੋਨੇ ਦੀਆਂ ਬੋਰੀਆਂ ਨਾਲ ਭਰੇ ਖੜ੍ਹੇ ਟਰਾਲੇ ਕੋਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਘਸੀਟਕੇ ਦੂਸਰੀ ਸਾਈਡ ਸੜਕ ਕਿਨਾਰੇ ਫੁੱਲਾਂ ਦੀ ਫੁਲਵਾੜੀ ਵਿਚ ਸੁੱਟ ਦਿੱਤਾ ਅਤੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ
ਹੋ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਗੁਰਵੰਤ ਸਿੰਘ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿੰਡ ਤੋਂ ਕਰੀਬ 2 ਕਿਲੋਮੀਟਰ ਦੂਰ ਸ਼ੈਲਰਾਂ ਨੇੜੇ ਇਕ ਫੁੱਲਾਂ ਦੀ ਫੁਲਵਾੜੀ ਕੋਲ ਉਸ ਦੀ ਲਾਸ਼ ਪਈ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੈਲਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਸ ਵੱਲੋਂ ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਮੁਰਦਾਘਰ ਵਿਚ ਭੇਜ ਦਿੱਤਾ ਹੈ ਅਤੇ ਫ਼ਰਾਰ ਵਾਹਨ ਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਪਾ ਪੁਲਸ ਅਨੁਸਾਰ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਖ਼ਸਤਾ ਹਾਲਤ ਸੜਕ ਕਾਰਨ ਪਲਟਿਆ ਟਰਾਲਾ, ਵੱਡਾ ਹਾਦਸਾ ਟਲਿਆ
NEXT STORY