ਤਪਾ ਮੰਡੀ (ਸ਼ਾਮ ਗਰਗ): ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਕਰ ਰਹੇ ਇੱਕ ਮਜ਼ਦੂਰ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਵੀਰ ਬਹਾਦਰ ਪੁੱਤਰ ਰਾਜੇਸ਼ ਕੁਮਾਰ, ਵਾਸੀ ਛਤੂਰੀ, ਬੜੀ ਗੜੀਆ, ਗੋਵਿੰਦਪੁਰ, ਜ਼ਿਲ੍ਹਾ ਮੈਨਪੁਰੀ, (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਸ ਦਾ ਭਰਾ ਨੀਰਜ ਸਿੰਘ ਇੱਥੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਕਰ ਰਹੇ ਠੇਕੇਦਾਰ ਕੋਲ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ ਦੁਪਹਿਰ ਸਮੇਂ ਰੋਟੀ ਖਾਣ ਲਈ ਨੀਰਜ ਸਿੰਘ ਸੜਕ ਦੀ ਦੂਜੀ ਸਾਈਡ ਵੱਲ ਚਲਾ ਗਿਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਿਆ। ਕਿਉਂਕਿ ਉਹ ਦੂਸਰੇ ਮਜਦੂਰਾਂ ਤੋਂ ਪਹਿਲਾਂ ਆਕੇ ਕੰਮ ਤੇ ਲੱਗ ਗਿਆ ਸੀ ,ਹਾਦਸੇ ਦੀ ਜਾਣਕਾਰੀ ਮਿਲਣ ’ਤੇ ਹੋਰ ਮਜ਼ਦੂਰਾਂ ਅਤੇ ਉਸ ਦੇ ਸਾਥੀਆਂ ਨੇ ਮੌਕੇ ’ਤੇ ਪਹੁੰਚ ਕੇ ਨੀਰਜ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਾ ਹੈ ਕਿ ਹਾਦਸੇ ਵਾਲਾ ਵਾਹਨ ਬੜੀ ਤੇਜ ਰਫਤਾਰੀ ,ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਗੱਡੀ ਚਲਾ ਰਿਹਾ ਸੀ।
ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ ਹੈ। ਪੁਲਸ ਹਾਦਸੇ ਸਬੰਧੀ ਸਬੂਤ ਇਕੱਠੇ ਕਰਕੇ ਫਰਾਰ ਵਾਹਨ ਚਾਲਕ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।
ਜਲੰਧਰ 'ਚ ਗੁੰਡਾਗਰਦੀ! ਕੁੱਤਿਆਂ ਕਾਰਨ ਹੋਇਆ ਵਿਵਾਦ, ਘਰ 'ਤੇ ਚੱਲੇ ਇੱਟਾਂ-ਪੱਥਰ
NEXT STORY