ਇੰਟਰਨੈਸ਼ਨਲ ਡੈਸਕ- ਯਮਨ ਦੇ ਹੂਤੀ ਬਾਗ਼ੀਆਂ ਨੇ ਵੀਰਵਾਰ ਨੂੰ ਸਾਊਦੀ ਅਰਬ ਦੀ ਜਾਜ਼ਾਨ ਤੇਲ ਰਿਫ਼ਾਇਨਰੀ ’ਤੇ ਹਮਲਾ ਕਰ ਦਿੱਤਾ, ਜਿਸ 'ਚ ਨੇਪਾਲ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖ਼ਮੀ ਹੋਏ। ਜਵਾਬ ਵਿਚ ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ ਯਮਨ ਵਿਚ ਹੂਤੀਆਂ ਦੇ 50 ਟਿਕਾਣਿਆਂ ’ਤੇ ਹਮਲੇ ਕੀਤੇ।
ਹੂਤੀਆਂ ਦੇ ਸਿਹਤ ਮੰਤਰਾਲਾ ਨੇ ਦਾਅਵਾ ਕੀਤਾ ਕਿ ਪਿਛਲੇ 48 ਘੰਟਿਆਂ ਵਿਚ ਇਨ੍ਹਾਂ ਹਮਲਿਆਂ ਵਿਚ 19 ਨਾਗਰਿਕਾਂ ਦੀ ਮੌਤ ਹੋਈ ਅਤੇ 25 ਲੋਕ ਜ਼ਖ਼ਮੀ ਹੋਏ। ਇਸ ਤੋਂ ਇਕ ਦਿਨ ਪਹਿਲਾਂ ਹੂਤੀਆਂ ਨੇ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਰਿਫ਼ਾਇਨਰੀ ਰਾਸ ਤਨੂਰਾ ’ਤੇ ਵੀ ਹਮਲੇ ਦਾ ਦਾਅਵਾ ਕੀਤਾ ਸੀ।
ਹੂਤੀ ਬਾਗ਼ੀਆਂ ਦੇ ਫ਼ੌਜੀ ਸੰਗਠਨ ਮੁਤਾਬਕ, ਹਮਲੇ ਕਾਰਨ ਰਾਸ ਤਨੂਰਾ ਵਿਚ ਅੱਗ ਲੱਗ ਗਈ। ਇਸ ਰਿਫ਼ਾਇਨਰੀ ’ਤੇ ਹਮਲੇ ਤੋਂ ਬਾਅਦ ਇੱਥੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੰਮ ਦੁਬਾਰਾ ਸ਼ੁਰੂ ਹੋਇਆ ਹੈ ਜਾਂ ਨਹੀਂ।
ਰਾਸ ਤਨੂਰਾ ਰਿਫ਼ਾਇਨਰੀ ਵਿਚ ਹਰ ਰੋਜ਼ 5.5 ਲੱਖ ਬੈਰਲ ਤੇਲ ਸਾਫ਼ ਕੀਤਾ ਜਾ ਸਕਦਾ ਹੈ। ਇਹ ਸਾਊਦੀ ਅਰਬ ਦੇ ਵੱਡੇ ਤੇਲ ਕੇਂਦਰ ਦਾ ਹਿੱਸਾ ਹੈ। ਇਸੇ ਥਾਂ ਤੋਂ ਸਾਊਦੀ ਅਰਬ ਕੱਚੇ ਤੇਲ ਦੀ ਬਰਾਮਦ ਵੀ ਕਰਦਾ ਸੀ। ਸਾਊਦੀ ਗੱਠਜੋੜ ਨੇ ਕਿਹਾ ਕਿ ਉਸ ਨੇ ਰਿਫਾਇਨਰੀ ’ਤੇ ਹੂਤੀਆਂ ਦੇ 4 ਡਰੋਨ ਮਾਰ ਡੇਗੇ।
ਸਾਊਦੀ ਗੱਠਜੋੜ ਅਤੇ ਹੂਤੀ ਬਾਗ਼ੀਆਂ ਵਿਚਾਲੇ ਜੁਲਾਈ ਵਿਚ ਮੁੜ ਲੜਾਈ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ 2022 ਵਿਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਈ ਸਾਲਾਂ ਤੱਕ ਸ਼ਾਂਤੀ ਰਹੀ ਸੀ।
ਅਮਰੀਕੀ ਹਵਾਈ ਫੌਜ ਦੇ ‘ਕਲਾਊਡ ਸਿਸਟਮ’ ਵਿਚ ਹੈਕਰਾਂ ਨੇ ਲਾਈ ਸੰਨ੍ਹ, ਸਿਸਟਮ ਦੇ ਕਈ ਕੰਮ ਰੁਕੇ
NEXT STORY