ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਮਾਣਕਪੁਰ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ ’ਤੇ ਬੀਤੀ ਰਾਤ ਮੋਟਰਸਾਈਕਲ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਅਤੇ ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ’ਤੇ ਕਾਰ ਸਵਾਰ ਔਰਤ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਅੱਠ ਵਜੇ ਦੇ ਕਰੀਬ ਇਕ ਕਾਰ ਵਿਚ ਸਵਾਰ ਨੌਜਵਾਨ ਤੇ ਉਸ ਦੀ ਮਾਤਾ ਪਿੰਡ ਮਾਣਕਪੁਰ ਵਿਚ ਸਥਿਤ ਨਿੱਜੀ ਹਸਪਤਾਲ ਵਿਚੋਂ ਦਵਾਈ ਲੈ ਕੇ ਮਾਣਕਪੁਰ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ ’ਤੇ ਜਾ ਰਹੇ ਸਨ ਜਦੋਂ ਇਹ ਕਾਰ ਸਵਾਰ ਲਿੰਕ ਸੜਕ ’ਤੇ ਸਥਿਤ ਲੋਮਸ ਰਿਸ਼ੀ ਸਕੂਲ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਭਿਆਨਕ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਤੇ ਕਾਰ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਵਿਚ ਗੰਭੀਰ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਏ. ਪੀ. ਜੈਨ ਹਸਪਤਾਲ ਰਾਜਪੁਰਾ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਜ਼ਖਮੀ ਔਰਤ ਨੂੰ ਇਲਾਜ ਲਈ ਨੀਲਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਚਕਨਾਚੂਰ ਹੋ ਗਿਆ ਤੇ ਕਾਰ ਦਾ ਟਾਇਰ ਫਟ ਗਿਆ।
ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਏ. ਐੱਸ. ਆਈ. ਮਿਰਜਾ ਮੁਹੰਮਦ ਨਸੀਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਗੁਰਦਿੱਤ ਪੁਰ ਨੱਤਿਆਂ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਤੇ ਜ਼ਖਮੀ ਔਰਤ ਦੀ ਪਹਿਚਾਣ ਕੁਲਵਿੰਦਰ ਕੌਰ ਪੁੱਤਰੀ ਨਰੇਸ਼ ਕੁਮਾਰ ਪਿੰਡ ਖਰੋੜਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਜੋਂ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਰਾਜਪੁਰਾ ਤੋਂ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਜੀਵਨਲੀਲਾ ਕੀਤੀ ਖ਼ਤਮ
NEXT STORY