ਪਟਿਆਲਾ (ਜੋਸਨ) - ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ. ਐੈੱਸ. ਏ.) ਨੇ ਅਮਰੀਕਾ ਦੇ ਨਿਊਯਾਰਕ ਖੇਤਰ ਵਿਚ ਪੁੱਜਣ ਵਾਲੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਪਕ ਪੱਧਰ 'ਤੇ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਜਾਣਕਾਰੀ ਦਿੰਦਿਆਂ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਭਾਰਤ ਦੀਆਂ ਕੇਂਦਰੀ ਸਰਕਾਰਾਂ ਨੇ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਣ ਦਿੱਤੀ, ਸਗੋਂ ਕਾਂਗਰਸ ਦੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ-ਪਨਾਹੀ ਕੀਤੀ ਜਿਸ ਕਰ ਕੇ ਸਿੱਖਾਂ ਵਿਚ ਇਸ ਦਾ ਭਾਰੀ ਰੋਸ ਹੈ।
ਅਮਰੀਕਾ ਤੋਂ ਪੰਥਕ ਜਥੇਬੰਦੀਆਂ ਦੇ ਆਗੂ ਹਿੰਮਤ ਸਿੰਘ ਸਮੇਤ ਅਵਤਾਰ ਸਿੰਘ ਪੰਨੂ, ਸੁਰਜੀਤ ਸਿੰਘ ਕੁਲਾਰ, ਕਰਮ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਿਆਪਕ ਵਿਰੋਧ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਤੋਤਾ ਸਿੰਘ ਵਰਗੇ ਅਕਾਲੀ ਲੀਡਰਾਂ ਨੂੰ ਵੀ ਇਥੋਂ ਭਜਾਇਆ ਗਿਆ ਸੀ। ਹੁਣ 20 ਸਤੰਬਰ ਨੂੰ ਨਿਊਯਾਰਕ ਪੁੱਜ ਰਹੇ ਗਾਂਧੀ ਪਰਿਵਾਰ ਦੇ ਫ਼ਰਜ਼ੰਦ ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਇਥੋਂ ਭਜਾਇਆ ਜਾਵੇਗਾ।
ਸ. ਹਿੰਮਤ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਇਨਸਾਫ਼ਪਸੰਦ ਸਿੱਖ ਆਜ਼ਾਦੀ ਨਾਲ ਖ਼ੁਸ਼ਹਾਲ ਤੌਰ 'ਤੇ ਰਹਿ ਰਹੇ ਹਨ। ਇਥੇ ਆ ਕੇ ਭਾਰਤ ਵਿਚ ਘੱਟ ਗਿਣਤੀਆਂ ਦੇ ਕਾਤਲ ਜੇਕਰ ਸਾਡੇ ਜ਼ਖਮਾਂ ਨੂੰ ਕੁਰੇਦਣਗੇ ਤਾਂ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਰੋਧ ਅਜਿਹਾ ਹੋਵੇਗਾ ਕਿ ਵਿਸ਼ਵ ਵਿਚ ਇਹ ਪਤਾ ਲੱਗ ਜਾਵੇਗਾ ਕਿ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾਵੇਗਾ।
4 ਕਿਲੋ ਭੁੱਕੀ ਸਣੇ 2 ਕਾਬੂ
NEXT STORY