ਅੰਮ੍ਰਿਤਸਰ (ਸਰਬਜੀਤ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਝੀਂਡਾ ਨੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਝੰਡਾ ਨੇ ਸਿੰਘ ਸਾਹਿਬ ਨੂੰ ਇਕ ਵਿਸਤ੍ਰਿਤ ਪੱਤਰ ਸੌਂਪਦਿਆਂ ਹਰਿਆਣਾ ਕਮੇਟੀ ਵਿਚ ਚੱਲ ਰਹੇ ਕਲੇਸ਼ ਦੇ ਹੱਲ ਲਈ ਅਪੀਲ ਕੀਤੀ। ਜਿਸ ਵਿਚ ਉਨ੍ਹਾਂ ਨੇ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਅਤੇ ਆਰਥਿਕ ਦੋਸ਼ ਲਗਾਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ 22 ਸਾਲ ਸੰਘਰਸ਼ ਕਰਕੇ ਆਪਣਾ ਕਾਰੋਬਾਰ ਦਾਅ 'ਤੇ ਲਗਾ ਕੇ ਹਰਿਆਣਾ ਲਈ ਵੱਖਰੀ ਕਮੇਟੀ ਹਾਸਲ ਕੀਤੀ ਸੀ ਪਰ ਕੁਝ ਸ਼ਖਸੀਅਤਾਂ ਨੇ ਇਸ ਨੂੰ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰਦਾਸਪੁਰ (ਪੰਜਾਬ) ਤੋਂ ਆਏ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ ਵਿਚ ਹਮੇਸ਼ਾ ਕਲੇਸ਼ ਪਾ ਕੇ ਰੱਖਿਆ।
ਝੀਂਡਾ ਨੇ ਦੋਸ਼ ਲਾਇਆ ਕਿ ਦਾਦੂਵਾਲ ਨੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਮਾਵਾਂ-ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ, ਜੋ ਕਿ ਇਕ ਧਾਰਮਿਕ ਆਗੂ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ ਹੈ। ਜਗਦੀਸ਼ ਸਿੰਘ ਝੀਂਡਾ ਨੇ ਆਰਥਿਕ ਪੱਖ ਤੋਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ 2014 ਤੋਂ 2026 ਤੱਕ ਧਰਮ ਪ੍ਰਚਾਰ ਦੇ ਨਾਂ 'ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੈਸੇ ਨਾਲ ਨਿੱਜੀ ਜ਼ਮੀਨਾਂ ਖਰੀਦੀਆਂ ਗਈਆਂ, ਮਹਿੰਗੀਆਂ ਗੱਡੀਆਂ ਲਈਆਂ ਗਈਆਂ ਅਤੇ ਨਿੱਜੀ ਬੈਂਕ ਖਾਤੇ ਭਰੇ ਗਏ, ਜਦਕਿ ਇਹ ਪੈਸਾ ਹਰਿਆਣਾ ਕਮੇਟੀ ਦੇ ਖਾਤੇ ਵਿਚ ਜਮ੍ਹਾਂ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਦਾਦੂਵਾਲ ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਹਾਊਸ ਦੇ 33 ਮੈਂਬਰਾਂ ਨੇ ਮਤਾ ਪਾਸ ਕਰਕੇ ਉਨ੍ਹਾਂ ਨੂੰ ਮੈਂਬਰਸ਼ਿਪ ਅਤੇ ਧਰਮ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਤੋਂ ਵੀ ਖਾਰਜ ਕਰ ਦਿੱਤਾ ਹੈ।
ਝੀਂਡਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇ ਕੇ ਹਰਿਆਣਾ ਦੇ ਸਿੱਖਾਂ ਨੂੰ ਇਸ ਕਲੇਸ਼ ਤੋਂ ਨਿਜਾਤ ਦਿਵਾਉਣ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਚੀ ਅਦਾਲਤ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਿੰਘ ਸਾਹਿਬ ਸੱਚਾਈ ਦਾ ਸਾਥ ਦੇਣਗੇ। ਝੀਂਡਾ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਨੂੰ ਵਾਪਸ ਆਪਣੇ ਇਲਾਕੇ ਵਿਚ ਬੁਲਾਇਆ ਜਾਵੇ ਤਾਂ ਜੋ ਹਰਿਆਣਾ ਦੇ ਗੁਰਧਾਮਾਂ ਦਾ ਪ੍ਰਬੰਧ ਪਹਿਲਾਂ ਦੀ ਤਰ੍ਹਾਂ ਸੁਚਾਰੂ ਢੰਗ ਨਾਲ ਚੱਲ ਸਕੇ।
ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
NEXT STORY