ਲੌਂਗੋਵਾਲ (ਵਸ਼ਿਸਟ, ਵਿਜੇ) : ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸੁਨਾਮ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਚੋਣ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਪਾਰਟੀ ਦੇ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਰਾਹੀਂ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਭੇਜਿਆ ਹੈ।
ਉਨ੍ਹਾਂ ਦੋਸ਼ ਲਾਇਆ ਹੈ ਕਿ ਹੁਣ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਿਸੇ ਪਾਰਟੀ ਵਰਕਰ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਹ ਪਾਰਟੀ 'ਚ ਸਿਮਰਨਜੀਤ ਸਿੰਘ ਮਾਨ ਦੀ ਪੰਥ ਪ੍ਰਤੀ ਕੁਰਬਾਨੀ ਨੂੰ ਵੇਖ ਕੇ ਸ਼ਾਮਲ ਹੋਏ ਸਨ ਪਰ ਹੁਣ ਸਿਮਰਨਜੀਤ ਸਿੰਘ ਮਾਨ ਪਰਿਵਾਰਵਾਦ 'ਚ ਘਿਰ ਚੁੱਕੇ ਹਨ। ਇਸ ਲਈ ਪਾਰਟੀ 'ਚ ਹੁਣ ਪੰਥ ਦੀ ਗੱਲ ਛੱਡ ਕੇ ਪਰਿਵਾਰ ਦੀ ਗੱਲ ਚੱਲ ਰਹੀ ਹੈ, ਜੋ ਕਿ ਕੌਮੀ ਸੋਚ ਲਈ ਬਹੁਤ ਘਾਤਕ ਹੈ।
ਪਾਰਟੀ ਦੇ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ ਨੇ ਸੰਤਾਂ ਦੀ ਸੋਚ ਨੂੰ ਛੱਡ ਕੇ ਸਿਰਫ ਕੋਰੀ ਸਿਆਸਤ ਵੱਲ ਪਾਰਟੀ ਨੂੰ ਮੋੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਪਾਰਟੀ 'ਚ ਹਰ ਰੋਜ਼ ਜਲਾਲਤ ਸਹਿਣੀ ਪੈਂਦੀ ਹੈ, ਜਿਸ ਕਾਰਨ ਮੈਂ ਹੁਣ ਹੋਰ ਜ਼ਲਾਲਤ ਸਹਿਣ ਨਹੀਂ ਕਰ ਸਕਦਾ। ਇਸ ਲਈ ਮੈਂ ਆਪਣੇ ਸਾਰੇ ਅਹੁਦਿਆਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਪ੍ਰਤੀ ਹਮੇਸ਼ਾ ਹੀ ਦਿਲ 'ਚ ਸਤਿਕਾਰ ਬਰਕਰਾਰ ਰਹੇਗਾ।
ਹਰੀਕੇ ਵਾਈਲਡ ਲਾਈਫ ਸੈਂਚੁਰੀ ’ਚ ਨਜ਼ਰ ਆਇਆ ਦੁਰਲੱਭ ਡਾਲਮੇਟੀਅਨ ਪੈਲੀਕਨ ਪੰਛੀ
NEXT STORY