ਚੰਡੀਗੜ੍ਹ : ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਸੱਤਾ ਧਿਰ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ 'ਆਪ' ਦਾ ਬਾਗੀ ਧੜਾ ਇਕ ਹੋ ਗਿਆ ਹੈ। ਇਸ ਰਣਨੀਤੀ ਤਹਿਤ ਇਹ ਸਾਰੀਆਂ ਧਿਰਾਂ ਆਪਸੀ ਮੱਤਭੇਦ ਭੁਲਾ ਕੇ 16 ਅਪ੍ਰੈਲ ਨੂੰ ਦਿੱਲੀ ਵਿਖੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਰੱਦ ਕਰਨ ਦੀ ਮੰਗ ਕਰਨਗੀਆਂ। ਇਸ ਵਫ਼ਦ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋ ਰਹੇ ਹਨ। ਸੂਬੇ ਦੀ ਮੁੱਖ ਵਿਰੋਧੀ ਪਾਰਟੀ 'ਆਪ' ਵੀ ਇਸ ਵਫ਼ਦ ਦਾ ਹਿੱਸਾ ਬਣੇਗੀ। ਜਿਸ ਤਹਿਤ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹੋ ਰਹੇ ਹਨ। ਇਸ ਤੋਂ ਇਲਾਵਾ 'ਆਪ' ਦੇ ਬਾਗੀ ਧਿਰ ਦੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਇਸ ਵਫ਼ਦ ਵਿਚ ਸ਼ਾਮਲ ਹੋ ਰਹੇ ਹਨ।
ਸੂਤਰਾਂ ਅਨੁਸਾਰ 'ਆਪ' ਤੋਂ ਅਸਤੀਫਾ ਦੇ ਚੁੱਕੇ ਦਾਖਾ ਦੇ ਵਿਧਾਇਕ ਪਦਮਸ੍ਰੀ ਐੱਚ. ਐੱਸ. ਫੂਲਕਾ ਪਿਛਲੇ ਸਮੇਂ ਤੋਂ ਬਾਦਲਾਂ ਵਿਰੋਧੀ ਸਾਰੀਆਂ ਧਿਰਾਂ ਨੂੰ ਅਕਾਲੀ ਦਲ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਵੱਲੋਂ ਆਈ. ਜੀ. ਕੁੰਵਰ ਦੀ ਬਦਲੀ ਵਿਰੁੱਧ ਇਕੱਠੇ ਕਰਨ ਦੇ ਯਤਨਾਂ ਵਿਚ ਸਨ। ਫੂਲਕਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਕੋਲੋਂ ਇਸ ਮੁੱਦੇ 'ਤੇ 16 ਅਪ੍ਰੈਲ ਨੂੰ ਸਵੇਰੇ 11.30 ਵਜੇ ਦਾ ਸਮਾਂ ਲਿਆ ਹੈ। ਫੂਲਕਾ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਇਸ ਸਬੰਧ ਵਿਚ ਲਿਖੇ ਪੱਤਰ ਵਿਚ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ 'ਤੇ ਕੁੰਵਰ ਦੀ ਬਦਲੀ ਸਾਰੇ ਪੱਖਾਂ ਨੂੰ ਘੋਖੇ ਬਿਨਾਂ ਕੀਤੀ ਜਾਪਦੀ ਹੈ।
ਉਨ੍ਹਾਂ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਐੱਸ. ਆਈ. ਟੀ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਪੱਤਰ ਰਾਹੀਂ ਕਿਹਾ ਕਿ ਹੁਣ ਚੋਣ ਕਮਿਸ਼ਨ ਵੱਲੋਂ ਆਈ. ਜੀ. ਦੀ ਬਦਲੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਨੂੰ ਆਪਣੀ ਪਾਰਟੀ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ। ਫੂਲਕਾ ਨੇ ਸੰਪਰਕ ਕਰਨ 'ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਹੁਕਮਰਾਨ ਕਾਂਗਰਸ ਪਾਰਟੀ ਨਾਲ ਸੰਪਰਕ ਕਰਨ 'ਤੇ ਜਾਖੜ ਤੇ ਬਾਜਵਾ ਨੇ ਇਸ ਵਫਦ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਬਾਗੀ ਧਿਰ ਦੇ ਵਿਧਾਇਕ ਮਾਨਸ਼ਾਹੀਆ ਵੀ ਵਫ਼ਦ ਵਿਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਕਾਲੀ ਦਲ ਟਕਸਾਲੀ ਨਾਲ ਵੀ ਸੰਪਰਕ ਕੀਤਾ ਸੀ ਪਰ ਕਮਿਸ਼ਨ ਨੇ ਕੇਵਲ 5 ਮੈਂਬਰੀ ਵਫਦ ਨੂੰ ਹੀ ਮਿਲਣ ਦੀ ਆਗਿਆ ਦਿੱਤੀ ਹੈ, ਜਿਸ ਕਾਰਨ 16 ਅਪ੍ਰੈਲ ਨੂੰ 5 ਮੈਂਬਰੀ ਵਫਦ ਹੀ ਕਮਿਸ਼ਨ ਨੂੰ ਮਿਲੇਗਾ।
ਸੁਖਬੀਰ ਨੇ '6 ਪੁਰਾਣੇ ਦਿੱਗਜਾਂ' 'ਤੇ ਖੇਡਿਆ ਦਾਅ, ਜਾਣੋ ਕਾਰਨ
NEXT STORY