ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਦੀ ਸਮੀਖਿਆ ਲਈ ਗਠਿਤ ਕੀਤੀ ਗਈ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣੀ ਇਸ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਹੋਈ। ਸੂਤਰ ਦੱਸਦੇ ਹਨ ਕਿ ਕਮੇਟੀ ਦੀ ਅੰਤਿਮ ਰਿਪੋਰਟ ਤਿਆਰ ਕਰਨ ਸਮੇਂ ਮੈਂਬਰਾਂ ਵਿਚ ਵੱਡੇ ਮੱਤਭੇਦ ਦਿਖਾਈ ਦਿੱਤੇ। ਮੀਟਿੰਗ ਤੋਂ ਬਾਅਦ ਕਮੇਟੀ ਦੇ ਸਾਰੇ 13 ਮੈਂਬਰਾਂ ਵਲੋਂ ਇਸ ਰਿਪੋਰਟ ’ਤੇ ਦਸਤਖ਼ਤ ਕਰ ਦਿੱਤੇ ਗਏ, ਜੋ ਭਲਕੇ ਅਕਾਲੀ ਦਲ ਦੇ ਪ੍ਰਧਾਨ ਅਤੇ 16 ਮੈਂਬਰੀ ਕੋਰ ਕਮੇਟੀ ਨੂੰ ਸੌਂਪ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਮੇਟੀ ਵਲੋਂ ਸੂਬੇ ਭਰ ’ਚ ਲੋਕਾਂ ਨਾਲ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਪਾਇਆ ਗਿਆ ਕਿ ਲੋਕ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ ਅਤੇ ਇਹ ਮੁੱਦਾ ਰਿਪੋਰਟ ਦਾ ਮੁੱਖ ਹਿੱਸਾ ਬਣਾਇਆ ਗਿਆ ਹੈ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਤੋਂ ਬਿਨਾਂ ਪਾਰਟੀ ਦੀ ਗੱਲ ਨਹੀਂ ਬਣਨੀ ।
ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਲਈ ਆਉਣ ਵਾਲੇ ਸਾਲ ਹੋਰ ਵੀ ਚੁਣੌਤੀਆਂ ਭਰੇ ਹੋ ਸਕਦੇ ਹਨ। ਸਾਲ 2024 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੱਕ ਮੁਕਾਬਲਾ ਕਰਨ ਦੀ ਹਾਲਤ ’ਚ ਪਹੁੰਚਣ ਲਈ ਵੱਡੀਆਂ ਤਬਦੀਲੀਆਂ ਅਤੇ ਫ਼ੈਸਲੇ ਕਰਨੇ ਪੈਣਗੇ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ 13 ਮੈਂਬਰੀ ਕਮੇਟੀ ਨੇ ਸਾਰੇ ਜ਼ਿਲ੍ਹਿਆਂ ਦੇ ਹਰ ਤਰ੍ਹਾਂ ਦੇ ਵਰਕਰ ਤੇ ਆਗੂ ਦੇ ਵਿਚਾਰ ਲਏ ਅਤੇ ਪਾਰਟੀ ਦੇ ਨਿਘਾਰ ਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ। ਕਮੇਟੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਅਤੇ ਵਰਕਰਾਂ ਨੇ ਸੀਨੀਅਰ ਲੀਡਰਸ਼ਿਪ ਦੀ ਕਾਰਜਸ਼ੈਲੀ ’ਤੇ ਸਵਾਲ ਹੀ ਨਹੀਂ ਉਠਾਏ ਸਗੋਂ ਦਲ ਦੇ ਜਥੇਬੰਦਕ ਢਾਂਚੇ ’ਚ ਵੱਡੀਆਂ ਤਬਦੀਲੀਆਂ ਲਿਆਉਣ, ਪਾਰਟੀ ਨੂੰ ਸਿਧਾਂਤਕ ਲੀਹਾਂ ’ਤੇ ਲਿਆਉਣ, ਪਾਰਟੀ ਦੀਆਂ ਨੀਤੀਆਂ ਵਿੱਚ ਤਬਦੀਲੀਆਂ ਕਰਨ ਦੇ ਸੁਝਾਅ ਵੀ ਦਿੱਤੇ।
ਕਮੇਟੀ ਦੀ ਰਿਪੋਰਟ ਵਿਚ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਜਸ਼ੈਲੀ 'ਤੇ ਵੀ ਕਾਫ਼ੀ ਲੰਮੀਆਂ ਚੌੜੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਅਤੇ ਇਸ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਦੀ ਗੱਲ ਕਹੀ ਗਈ ਹੈ ਤਾਂ ਜੋ ਲੋਕਾਂ ਵਿਚਲੀਆਂ ਗ਼ਲਤ ਫਹਿਮੀਆਂ ਦੂਰ ਹੋ ਸਕਣ। ਰਿਪੋਰਟ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਦੁਰਵਰਤੋਂ, ਸਰਾਂਵਾਂ ਅਤੇ ਸ੍ਰੀ ਅਖੰਡ ਪਾਠਾਂ ਦੀ ਬੁਕਿੰਗ ਵਿਚ ਪਾਰਦਰਸ਼ਤਾ ਲਿਆਉਣ ਅਤੇ ਢਾਡੀਆਂ, ਰਾਗੀਆਂ ਤੇ ਪ੍ਰਚਾਰਕਾਂ ਦੇ ਗਿਲੇ ਸ਼ਿਕਵਿਆਂ ਵੱਲ ਧਿਆਨ ਦਿੱਤੇ ਜਾਣ ਲਈ ਵੀ ਕਿਹਾ ਗਿਆ ਹੈ ਅਤੇ ਸਿਫ਼ਾਰਸ਼ ਕੀਤੀ ਗਈ ਹੈ ਕਿ ਸਿੱਖ ਸੰਗਤਾਂ ਵਿਚਲੇ ਗਿਲੇ ਸ਼ਿਕਵਿਆਂ ਅਤੇ ਗ਼ਲਤ ਫਹਿਮੀਆਂ ਨੂੰ ਦੂਰ ਕੀਤਾ ਜਾਣਾ ਅਤਿ ਜ਼ਰੂਰੀ ਹੈ। ਰਿਪੋਰਟ ਵਿਚ ਅਕਾਲੀ ਦਲ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਅਤੇ ਪਾਰਟੀ ਦੇ ਨਾਲ ਹੇਠਲੇ ਪੱਧਰ 'ਤੇ ਦੁਬਾਰਾ ਜੁੜਨ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਵੀ ਕਾਫ਼ੀ ਵਿਸਥਾਰ 'ਚ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ।
ਡਾ. ਵਿਜੇ ਸਿੰਗਲਾ ਤੇ OSD ਅਦਾਲਤ ’ਚ ਪੇਸ਼, 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ
NEXT STORY