ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪੁਲਸ ਨੂੰ ਆਖਿਆ ਕਿ ਜਿਹੜੇ ‘ਆਪ’ ਵਿਧਾਇਕਾਂ ਨੇ ਭਾਜਪਾ ’ਤੇ 25 ਕਰੋੜ ਰੁਪਏ ਪ੍ਰਤੀ ਵਿਧਾਇਕ ਦੀ ਪੇਸ਼ਕਸ਼ ਕਰਕੇ ਖ਼ਰੀਦੋ-ਫਰੋਖ਼ਤ ਕਰਨ ਦੇ ਦੋਸ਼ ਲਗਾਏ ਹਨ, ਉਨ੍ਹਾਂ ਦੇ ਮੋਬਾਈਲ ਜ਼ਬਤ ਹੋਣੇ ਚਾਹੀਦੇ ਹਨ। ਉਨ੍ਹਾਂ ਵੱਲੋਂ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਵਾਸਤੇ ਇਨ੍ਹਾਂ ਵਿਧਾਇਕਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਐੱਨ. ਕੇ. ਸ਼ਰਮਾ ਤੇ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਐੱਸ. ਐੱਸ. ਪੀ. ਨੂੰ ਇਸ ਬਾਬਤ ਸ਼ਿਕਾਇਤ ਦੇ ਕੇ ਕਿਹਾ ਕਿ ‘ਆਪ’ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਇਸ ਦੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਕਰਨ ਦੇ ਯਤਨਾਂ ਦੇ ਲਾਏ ਦੋਸ਼ ਗੰਭੀਰ ਹਨ ਅਤੇ ਇਨ੍ਹਾਂ ਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਲਿਆ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਸੱਚੇ ਹਨ ਤਾਂ ਫਿਰ ਭਾਜਪਾ ਆਗੂਆਂ ਤੇ ਹੋਰ ਦਲਾਲਾਂ ਦੇ ਖ਼ਿਲਾਫ਼ ਕੇਸ ਦਰਜ ਹੋਣੇ ਚਾਹੀਦੇ ਹਨ ਪਰ ਜਾਂਚ ’ਚ ਦੋਸ਼ ਗ਼ਲਤ ਪਾਏ ਗਏ ਤਾਂ ਫਿਰ ਸਾਰੇ ‘ਆਪ’ ਵਿਧਾਇਕਾਂ ਦੇ ਨਾਲ-ਨਾਲ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਖ਼ਰੀਦੋ-ਫਰੋਖ਼ਤ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ। ਐੱਨ. ਕੇ. ਸ਼ਰਮਾ ਨੇ ਕਿਹਾ ਕਿ ਕਿਉਂਕਿ ਇਹ ਫੋਨ ਤੇ ਘਟਨਾਵਾਂ ’ਚੋਂ ਕੁਝ ਅਤੇ ਪ੍ਰੈੱਸ ਕਾਨਫਰੰਸਾਂ ਸ਼ਹਿਰ ’ਚ ਹੋਈਆਂ ਸਨ ਤਾਂ ਇਸ ਲਈ ਚੰਡੀਗੜ੍ਹ ਪੁਲਸ ਨੂੰ ਮਾਮਲੇ ਦੀ ਜਾਂਚ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਇਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ’ਤੇ ਹਮਲਾ ਹੋਇਆ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਵਿਧਾਇਕ ਨੂੰ ਹੋਏ ਹਮਲੇ ਦੇ ਸਮੇਂ ਤੇ ਸਥਾਨ ਦੇ ਨਾਲ-ਨਾਲ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਵੇਰਵੇ ਪੁੱਛੇ ਜਾਣੇ ਚਾਹੀਦੇ ਹਨ।
ਇਹ ਖ਼ਬਰ ਵੀ ਪੜ੍ਹੋ : ਬਰਾੜ, ਇਯਾਲੀ ਸਣੇ ਹੋਰ ਵੱਡੇ ਆਗੂਆਂ ਨੂੰ ਜਥੇਬੰਦਕ ਢਾਂਚੇ ’ਚੋਂ ਬਾਹਰ ਰੱਖਣ ’ਤੇ ਬੋਲੇ ਭੂੰਦੜ, ਕਹੀ ਇਹ ਗੱਲ
ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਪੰਜਾਬੀਆਂ ਦੇ ਸਵੈਮਾਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿਧਾਇਕ ਆਪ ਹੀ ਭਾਜਪਾ ਅੱਗੇ ਆਪਣੇ ਆਪ ਨੂੰ ਵੇਚਣ ਲਈ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਆਪਣੇ ਆਪ ਵਿਚ ਸ਼ੱਕੀ ਹਨ ਕਿਉਂਕਿ ਭਾਜਪਾ 10 ਜਾਂ ਵੱਧ ਵਿਧਾਇਕਾਂ ਦੀ ਖਰੀਦ ਨਾਲ ਵੀ ਆਪਣੇ ਕਿਸੇ ਵਿਧਾਇਕ ਨੂੰ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਵਾਸਤੇ ਇਸ ਮੁੱਦੇ ਦਾ ਵਿਵਾਦ ਖੜ੍ਹਾ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਦੇ ਵਿਧਾਇਕ ਵਿਕਾਊ ਹਨ ਪਰ ਉਨ੍ਹਾਂ ਦੇ ਵਿਧਾਇਕ ਦਿੱਲੀ ਤੇ ਪੰਜਾਬ ਵਿਚ ਪਾਰਟੀ ਨਾਲ ਡਟ ਕੇ ਖੜ੍ਹੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਵਫ਼ਾਦਾਰੀ ਖਰੀਦਣ ਲਈ ਹੋਏ ਯਤਨਾਂ ਨੂੰ ਠੋਕਰ ਮਾਰ ਦਿੱਤੀ ਹੈ।
ਪੰਜਾਬ ਦੀਆਂ ਜੇਲ੍ਹਾਂ 'ਚ 5ਜੀ ਜੈਮਰ ਲਗਾਉਣ ਦੀਆਂ ਤਿਆਰੀਆਂ, ਆਉਣ ਵਾਲੇ ਹਫ਼ਤੇ 'ਚ ਹੋਵੇਗਾ ਫੈਸਲਾ
NEXT STORY