ਕਰਤਾਰਪੁਰ(ਸਾਹਨੀ)- ਬੀਤੀ 7 ਜੂਨ ਨੂੰ ਸਥਾਨਕ ਗੁਰੂ ਵਿਰਜਾਨੰਦ ਗੁਰੂਕੁਲ ਨਾਲ ਸਬੰਧਤ ਆਰੀਆ ਵੀਰ ਦਲ ਵੱਲੋਂ ਗੁਰੂਕੁਲ 'ਚ ਲਾਏ ਗਏ ਆਪਣੇ ਸਾਲਾਨਾ ਕੈਂਪ ਦੇ ਸਮਾਪਨ ਸਮਾਗਮ ਲਈ ਸਥਾਨਕ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਗਰਾਊਂਡ ਨੂੰ ਕੁਝ ਸਮੇਂ ਲਈ ਸਕੂਲ ਪ੍ਰਬੰਧਕਾਂ ਕੋਲੋਂ ਲਿਆ ਗਿਆ ਸੀ, ਜਿਸ ਸਬੰਧੀ ਕੁਝ ਜਥੇਬੰਦੀਆਂ ਨੇ ਸੋਸ਼ਲ ਅਤੇ ਪ੍ਰਿੰਟ ਮੀਡੀਆ ਵਿਚ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਕਲ ਜਥੇਦਾਰ ਰਣਜੀਤ ਸਿੰਘ ਕਾਹਲੋਂ 'ਤੇ ਸਿੱਖ ਵਿਰੋਧੀ ਹੋਣ ਦੇ ਦੋਸ਼ ਲਾ ਕੇ ਪ੍ਰਚਾਰ ਕੀਤਾ। ਇਸ ਸਬੰਧੀ ਅੱਜ ਵੱਡੀ ਗਿਣਤੀ ਵਿਚ ਇਲਾਕੇ ਦੇ ਅਕਾਲੀ ਆਗੂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਇਕੱਤਰ ਹੋਏ ਤੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਸੰਸਥਾਵਾਂ ਨੂੰ ਧਰਮ ਦੇ ਨਾਂ 'ਤੇ ਰਾਜਨੀਤੀ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤਕ ਅਕਸ ਖਰਾਬ ਕਰਨ ਲਈ ਕੁਝ ਲੋਕ ਸਬੰਧਤ ਮਾਮਲੇ ਨੂੰ ਆਰ. ਐੱਸ. ਐੱਸ. ਨਾਲ ਜੋੜ ਕੇ ਨਿਰਆਧਾਰ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਥਿਤ ਗੁਰੂਕੁਲ ਨਿਰੋਲ ਧਾਰਮਿਕ ਸੰਸਥਾ ਹੈ ਅਤੇ ਇਸ ਦਾ ਆਰ. ਐੱਸ. ਐੱਸ. ਨਾਲ ਦੂਰ-ਦੂਰ ਤੱਕ ਸਬੰਧ ਨਹੀਂ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਰਾਜਨੀਤੀ ਅਤੇ ਧਰਮ ਨਾਲ ਜੁੜੇ ਹਨ ਅਤੇ ਇਸ ਸਮੇਂ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਇਲਾਕੇ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਵਲੋਂ ਲਗਾਤਾਰ ਇਲਾਕੇ ਵਿਚ ਕੀਤੀ ਜਾ ਰਹੀ ਸੇਵਾ ਕੁਝ ਸ਼ਰਾਰਤੀ ਲੋਕਾਂ ਨੂੰ ਰਾਸ ਨਹੀਂ ਆ ਰਹੀ। ਬਿਨਾਂ ਜਾਣਕਾਰੀ ਹਾਸਲ ਕੀਤੇ ਕੈਂਪ ਦੇ ਮਾਮਲੇ ਨੂੰ ਤੂਲ ਦਿੱਤਾ ਗਿਆ, ਜਿਸ ਨਾਲ ਮੇਰੇ ਅਕਸ ਨੂੰ ਤਾਂ ਧੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਹੀ ਗਈ ਨਾਲ ਹੀ ਸਤਿਕਾਰਯੋਗ ਪਦਮਸ਼੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਸ੍ਰੀ ਖਡੂਰ ਸਾਹਿਬ ਵਰਗੀ ਪਵਿੱਤਰ ਸ਼ਖਸੀਅਤ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਨ੍ਹਾਂ ਖਿਲਾਫ ਵੀ ਝੂਠਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵੱਲੋਂ ਇਸ ਮਾਮਲੇ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਥ ਆਗੂ ਗੁਰਦੇਵ ਸਿੰਘ ਮਾਹਲ ਨੇ ਕਿਹਾ ਕਿ ਜਥੇਦਾਰ ਕਾਹਲੋਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਆਰੀਆ ਸਮਾਜ ਨੂੰ ਆਰ. ਐੱਸ. ਐੱਸ. ਨਾਲ ਜੋੜ ਕੇ ਧਰਮ ਦੀ ਰਾਜਨੀਤੀ ਖੇਡਣ ਤੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਬਾਕੀ ਇਸ ਆਰੀਆ ਸਮਾਜ ਨਾਲ ਸਬੰਧਤ ਗੁਰੂ ਵਿਰਜਾਨੰਦ ਜੀ ਦੀ ਯਾਦਗਾਰ ਬਾਦਲ ਸਰਕਾਰ ਵੱਲੋਂ ਕਰੀਬ 10 ਕਰੋੜ ਦੀ ਲਾਗਤ ਨਾਲ ਕਰਤਾਰਪੁਰ ਵਿਚ ਸੈਰ-ਸਪਾਟਾ ਵਿਭਾਗ ਵੱਲੋਂ ਉਸਾਰੀ ਗਈ ਹੈ। ਉਸੇ ਆਰੀਆ ਸਮਾਜ ਨਾਲ ਸਬੰਧਤ ਗੁਰੂਕੁਲ ਦੇ ਵਿਦਿਆਰਥੀਆਂ ਅਤੇ ਪੰਜਾਬ ਭਰ ਤੋਂ ਕਰੀਬ 15 ਜ਼ਿਲਿਆਂ ਤੋਂ ਆਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ, ਸਮਾਜ ਤੇ ਮਾਤਾ-ਪਿਤਾ ਪ੍ਰਤੀ ਜ਼ਿੰਮੇਵਾਰੀ ਵਰਗੇ ਗੁਣ ਅਪਨਾਉਣ ਲਈ ਇਹ ਕੈਂਪ ਆਰੀਆ ਵੀਰ ਦਲ ਵੱਲੋਂ ਲਾਇਆ ਗਿਆ, ਜਿਸ ਨੂੰ ਫਿਰਕਾਪ੍ਰਸਤੀ ਦਾ ਮੁੱਦਾ ਬਣਾ ਕੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੇਸ਼ ਕਰ ਦਿੱਤਾ। ਇਸ ਮੌਕੇ ਬਲਾਕ ਸੰਮਤੀ ਦੇ ਮੀਤ ਪ੍ਰਧਾਨ ਰਤਨ ਸਿੰਘ ਰਹੀਮਪੁਰ, ਜੋਗਾ ਸਿੰਘ ਨੰਬਰਦਾਰ, ਜਸਬੀਰ ਸਿੰਘ ਵਿਰਕ ਨੰਬਰਦਾਰ, ਸਤਨਾਮ ਸਿੰਘ ਮਿੰਟੂ, ਅਜੀਤ ਸਿੰਘ ਸਰਾਏ, ਨਵਨੀਤ ਸਿੰਘ ਛੀਨਾ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਲੁੱਡੀ, ਕੁਲਵਿੰਦਰ ਸਿੰਘ ਘੁੰਮਣ, ਬਹਾਦਰ ਸਿੰਘ, ਸੁੱਚਾ ਸਿੰਘ ਭੁੱਲਰ, ਸਰਦੂਲ ਸਿੰਘ, ਗੁਰਦੁਆਰਾ ਮੈਨੇਜਰ ਬਲਦੇਵ ਸਿੰਘ, ਸੁੱਚਾ ਸਿੰਘ ਕਾਲਾ ਖੇੜਾ, ਸ਼ਿੰਗਾਰਾ ਸਿੰਘ ਕਾਹਲਵਾਂ, ਤਿਰਲੋਚਨ ਸਿੰਘ, ਗੁਰਨਾਮ ਸਿੰਘ ਕਾਲਾ ਬਾਹੀਆਂ, ਸਤਨਾਮ ਸਿੰਘ, ਡਾ. ਕਾਲਾ ਸਿੰਘ ਗਹੀਰ ਅਤੇ ਹੋਰ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੇ ਪੰਚਾਂ-ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਗੁਰੂ ਵਿਰਜਾਨੰਦ ਗੁਰੂਕੁਲ ਦੇ ਪ੍ਰਧਾਨ ਧਰੁਵ ਕੁਮਾਰ ਮਿੱਤਲ ਨੇ ਵੀ ਸੋਸ਼ਲ ਮੀਡੀਆ 'ਤੇ ਸਪੱਸ਼ਟੀਕਰਨ ਵਿਚ ਦੱਸਿਆ ਕਿ ਗੁਰੂਕੁਲ ਨਿਰੋਲ ਧਾਰਮਿਕ ਸੰਸਥਾ ਹੈ ਅਤੇ ਇਸ ਦਾ ਕਿਸੇ ਰਾਜਸੀ ਜਾਂ ਹੋਰ ਜਥੇਬੰਦੀ ਜਿਵੇਂ ਆਰ. ਐੱਸ. ਐੱਸ. ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ। ਇਹ ਸੰਸਥਾ ਸਿਰਫ ਵਿੱਦਿਅਕ ਸੰਸਥਾ ਹੈ। ਗੁਰੂਕੁਲ ਵਿਰਜਾਨੰਦ ਸਮਾਰਕ ਸੰਮਤੀ ਪ੍ਰਿੰਸੀਪਲ ਅਤੇ ਸਕੂਲ ਕਮੇਟੀ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਗੁਰੂਕੁਲ ਦਾ ਸਮਾਗਮ ਸਕੂਲ ਗਰਾਊਂਡ ਵਿਚ ਕਰਾਉਣ ਦੀ ਮਨਜ਼ੂਰੀ ਦਿੱਤੀ। ਸਾਡਾ ਮਕਸਦ ਉਹ ਨਹੀਂ, ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਇਸ ਨੂੰ ਤੂਲ ਦਿੱਤਾ ਗਿਆ ਤੇ ਆਪਸੀ ਪਿਆਰ ਤੇ ਸਤਿਕਾਰ ਦਾ ਘਾਣ ਕੀਤਾ ਗਿਆ।
ਕੈਪਟਨ ਸਰਕਾਰ ਮੁੱਖ ਦੋਸ਼ੀਆਂ ਤੇ ਕਸੂਰਵਾਰ ਪੁਲਸ ਅਫਸਰਾਂ ਨੂੰ ਤੁਰੰਤ ਗ੍ਰਿਫਤਾਰ ਕਰੇ : ਭਾਈ ਮਨਜੀਤ ਸਿੰਘ
NEXT STORY