ਨਵੀਂ ਦਿੱਲੀ— ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਵੱਲੋਂ ਪੇਸ਼ ਅਵਿਸ਼ਵਾਸ ਪ੍ਰਸਤਾਵ 'ਤੇ ਵਿਰੋਧੀ ਦਲ ਮੋਦੀ ਸਰਕਾਰ ਦੇ ਖਿਲਾਫ ਇਕਜੁਟ ਹੁੰਦੇ ਦਿੱਸ ਰਹੇ ਹਨ। ਇਸ ਦਰਮਿਆਨ ਮੋਦੀ ਸਰਕਾਰ ਨੂੰ ਐੱਨ.ਡੀ.ਏ. 'ਚ ਉਸ ਦੇ ਸਹਿਯੋਗੀ ਅਕਾਲੀ ਦਲ ਤੋਂ ਵੱਡੀ ਰਾਹਤ ਮਿਲੀ ਹੈ। ਕੇਂਦਰੀ ਮੰਤਰੀ ਅਤੇ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਕਰਦੇ ਹੋਏ ਕਿਹਾ,''ਸਾਡੀ ਪਾਰਟੀ ਪੂਰੀ ਮਜ਼ਬੂਤੀ ਨਾਲ ਭਾਜਪਾ ਨਾਲ ਖੜ੍ਹੀ ਹੈ।'' ਹਾਲਾਂਕਿ ਹੁਣ ਅਵਿਸ਼ਵਾਸ ਪ੍ਰਸਤਾਵ ਸ਼ੁੱਕਰਵਾਰ ਦੀ ਬਜਾਏ ਸੋਮਵਾਰ ਨੂੰ ਹੀ ਆ ਸਕੇਗਾ। ਹੰਗਾਮੇ ਕਾਰਨ ਲੋਕ ਸਭਾ ਸਪੀਕਰ ਨੇ ਅਵਿਸ਼ਵਾਸ ਪ੍ਰਸਤਾਵ ਦੇ ਨੋਟਿਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਹੈ ਕਿ ਇਸ ਨੂੰ ਉਦੋਂ ਸਵੀਕਾਰ ਕੀਤਾ ਜਾ ਸਕਦਾ ਹੈ, ਜਦੋਂ ਸਦਨ ਸਹੀ ਤਰ੍ਹਾਂ ਚੱਲ ਰਿਹਾ ਹੋਵੇ। ਹਰਸਿਮਰਤ ਕੌਰ ਬਾਦਲ ਨੇ ਕਿਹਾ,''ਭਾਜਪਾ ਅਤੇ ਸਾਡਾ ਗਠਜੋੜ ਸਭ ਤੋਂ ਪੁਰਾਣਾ ਹੈ। ਹਰ ਚੰਗੇ ਅਤੇ ਬੁਰੇ ਸਮੇਂ 'ਚ ਅਸੀਂ ਇਕ-ਦੂਜੇ ਨਾਲ ਖੜ੍ਹੇ ਰਹੇ ਹਾਂ। ਸਾਡੀ ਵਿਚਾਰਧਾਰਾ 'ਚ ਵੱਡਾ ਅੰਤਰ ਹੈ, ਫਿਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਅਸੀਂ ਨਾਲ ਖੜ੍ਹੇ ਹਾਂ। ਖਾਸ ਤੌਰ 'ਤੇ ਅਜਿਹੇ ਰਾਜ 'ਚ ਜਿੱਥੇ ਪਾਕਿਸਤਾਨ ਹਮੇਸ਼ਾ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ 'ਚ ਰਹਿੰਦਾ ਹੈ।''
ਕੇਂਦਰੀ ਮੰਤਰੀ ਨੇ ਭਾਜਪਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ 2014 'ਚ ਉਸ ਨੂੰ ਬਹੁਤ ਬਹੁਮਤ ਮਿਲਿਆ ਹੈ, ਉਨ੍ਹਾਂ ਨੂੰ ਸਰਕਾਰ ਦੇ ਗਠਨ ਲਈ ਅਕਾਲੀ ਦਲ ਵਰਗੇ ਛੋਟੇ ਸਹਿਯੋਗੀ ਦਲਾਂ ਦੀ ਲੋੜ ਨਹੀਂ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਗਠਜੋੜ ਦੀ ਸਰਕਾਰ ਬਣਾਈ। ਹਰਸਿਮਰਤ ਕੌਰ ਨੇ ਕਿਹਾ ਕਿ ਤੇਲੁਗੂ ਦੇਸ਼ਮ ਪਾਰਟੀ ਦਾ ਐੱਨ.ਡੀ.ਏ. ਤੋਂ ਵੱਖ ਹੋਣਾ ਬਦਕਿਸਮਤੀ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਭਾਵੇਂ ਹੀ ਭਾਜਪਾ ਕੋਲ ਖੁਦ ਸਦਨ 'ਚ 273 ਵਿਧਾਇਕ ਹਨ ਪਰ ਅਕਾਲੀ ਦਲ ਦੀ ਇਹ ਪ੍ਰਤੀਕਿਰਿਆ ਉਸ ਨੂੰ ਵੱਡੀ ਰਾਹਤ ਪਹੁੰਚਾਉਣ ਵਾਲੀ ਹੈ। ਅਕਾਲੀ ਨੇਤਾ ਦਾ ਇਹ ਬਿਆਨ ਅਜਿਹੇ ਸਮੇਂ ਭਾਜਪਾ ਲਈ ਬਹੁਤ ਮਾਇਨੇ ਰੱਖਦਾ ਹੈ, ਜਦੋਂ ਸ਼ਿਵ ਸੈਨਾ ਵੀ ਉਸ ਤੋਂ ਨਾਰਾਜ਼ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਅਵਿਸ਼ਵਾਸ ਪ੍ਰਸਤਾਵ ਨੂੰ ਲੈ ਕੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਸੀ ਕਿ ਸਾਡਾ ਵੀ ਮੋਦੀ ਸਰਕਾਰ ਤੋਂ ਮਨ ਟੁੱਟ ਚੁਕਿਆ ਹੈ। ਅਜਿਹੇ 'ਚ ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਸ਼ਿਵ ਸੈਨਾ ਵੱਲੋਂ ਵੀ ਅਵਿਸ਼ਵਾਸ ਪ੍ਰਸਤਾਵ ਦੇ ਸਮਰਥਨ 'ਚ ਵੋਟਿੰਗ ਕੀਤੀ ਜਾ ਸਕਦੀ ਹੈ।
ਡਿਜੀਟਲ ਇੰਡੀਆ ਨੂੰ ਝਟਕਾ : ਦਿਹਾਤੀ ਇਲਾਕਿਆਂ ਦੇ ਸਿਰਫ 12 ਫੀਸਦੀ ਸਕੂਲਾਂ 'ਚ ਹੀ ਲੱਗੇ ਨੇ ਕੰਪਿਊਟਰ
NEXT STORY