ਜਲੰਧਰ/ਚੰਡੀਗੜ੍ਹ, (ਧਵਨ)– ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ’ਤੇ ਸਿਆਸੀ ਵਾਰ ਕਰਦਿਆਂ ਕਿਹਾ ਹੈ ਕਿ ਸੂਬੇ ਵਿਚ ਲੋਕ ਸਭਾ ਚੋਣਾਂ ’ਚ 13 ਸੀਟਾਂ ’ਤੇ ਮਿਲੀ ਹਾਰ ਪਿੱਛੋਂ ਪਾਰਟੀ ਦੇ ਨੇਤਾ ਬੌਖਲਾ ਗਏ ਹਨ ਅਤੇ ਉਹ ਚੌਲਾਂ ਨੂੰ ਚੁੱਕਣ ਦੇ ਮਾਮਲੇ ’ਚ ਗਲਤ ਬਿਆਨਬਾਜ਼ੀ ਕਰਨ ’ਚ ਲੱਗੇ ਹੋਏ ਹਨ।
ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਦੀ ਨਾਲਾਇਕੀ ਕਾਰਨ ਹੀ ਪੰਜਾਬ ਦੇ ਗੋਦਾਮਾਂ ’ਚੋਂ ਚੋਲਾਂ ਨੂੰ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੇਤਾਵਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਜੇ 1 ਜਨਵਰੀ ਨੂੰ ਮਿਲਿੰਗ ਨੀਤੀ ਆ ਗਈ ਸੀ ਤਾਂ ਉਸ ਤੋਂ ਬਾਅਦ ਗੋਦਾਮਾਂ ਵਿਚ ਪਏ ਅਨਾਜ ਨੂੰ ਚੁੱਕਣ ਦੀ ਜ਼ਿੰਮੇਵਾਰੀ ਭਾਜਪਾ ਸਰਕਾਰ ਦੀ ਬਣਦੀ ਸੀ। ਜੇ ਜਨਵਰੀ ਤੋਂ ਲੈ ਕੇ ਹੁਣ ਤਕ ਗੋਦਾਮਾਂ ਵਿਚੋਂ ਐੱਫ. ਸੀ. ਆਈ. 15-15 ਲੱਖ ਮੀਟ੍ਰਿਕ ਟਨ ਹਰ ਮਹੀਨੇ ਅਨਾਜ ਚੁੱਕ ਲੈਂਦੀ ਤਾਂ 100 ਲੱਖ ਮੀਟ੍ਰਿਕ ਟਨ ਤੋਂ ਵੱਧ ਅਨਾਜ ਚੁੱਕਿਆ ਜਾ ਸਕਦਾ ਸੀ। ਐੱਫ. ਸੀ. ਆਈ. ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ ਅਤੇ ਉਸ ਨੂੰ ਹੀ ਗੋਦਾਮਾਂ ਵਿਚੋਂ ਅਨਾਜ ਚੁੱਕਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਗੁੰਮਰਾਹ ਕਰਨ ’ਚ ਲੱਗੀ ਹੋਈ ਹੈ ਅਤੇ ਝੋਨੇ ਦੀ ਫਸਲ ਨੂੰ ਨਾ ਚੁੱਕਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਪਾ ਰਹੀ ਹੈ। ਇਸ ਵੇਲੇ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾਂ ਦੀ ਫਸਲ ਨੂੰ ਪਹਿਲ ਦੇ ਆਧਾਰ ’ਤੇ ਮੰਡੀਆਂ ਵਿਚੋਂ ਚੁੱਕਿਆ ਜਾਵੇ।
ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਗੋਦਾਮਾਂ ਵਿਚ ਪਏ ਅਨਾਜ ਨੂੰ ਚੁੱਕ ਕੇ ਹੋਰ ਸੂਬਿਆਂ ਵਿਚ ਭੇਜੇ ਜਿੱਥੇ ਅਨਾਜ ਦੀ ਕਮੀ ਹੈ। ਸਥਿਤੀਆਂ ਨੂੰ ਇਸ ਵੇਲੇ ਭਾਰਤ ਸਰਕਾਰ ਵੱਲੋਂ ਖਰਾਬ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਕਿਸੇ ਵੀ ਹਾਲਤ ’ਚ ਪੰਜਾਬ ਸਰਕਾਰ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਮਾਨ ਸਰਕਾਰ ਆਪਣੇ ਵੱਲੋਂ ਕਿਸਾਨਾਂ ਦੀ ਫਸਲ ਨੂੰ ਸਮੇਂ ’ਤੇ ਚੁੱਕਣ ਅਤੇ ਭੁਗਤਾਨ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ।
ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
NEXT STORY