ਜ਼ੀਰਾ (ਵੈੱਬ ਡੈਸਕ): ਅੱਜ ਪੰਜਾਬ ਵਿਚ ਗੈਂਗਸਟਰਾਂ ਤੇ ਨਸ਼ਾ ਵੇਚਣ ਵਾਲਿਆਂ ਦਾ ਰਾਜ ਹੈ। ਨਸ਼ਾ ਵੇਚਣ ਵਾਲੇ 'ਆਪ' ਦੇ ਕਮਾਊ ਪੁੱਤ ਹਨ ਤੇ ਇਨ੍ਹਾਂ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਮਹੀਨੇ ਦੇ ਲੱਖਾਂ ਰੁਪਏ ਹਿੱਸਾ ਆਉਂਦਾ ਹੈ। ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਵਿਖੇ 'ਪੰਜਾਬ ਬਚਾਓ ਰੈਲੀ' ਦੌਰਨ ਸੰਬੋਧਨ ਕਰਦਿਆਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਸਾਰੀਆਂ ਬੇਅਦਬੀਆਂ ਦੇ ਮਾਮਲਿਆਂ ਦੀ ਵੀਜਾਂਚ ਕਰਵਾਈ ਜਾਵੇ ਤਾਂ ਉਸ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਨਿਕਲੇਗਾ।
ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ। ਇਹ ਹਰ ਸਾਲ 1100 ਕਰੋੜ ਰੁਪਏ ਤੋਂ ਵੱਧ ਪੈਸੇ ਇਸ਼ਤਿਹਾਰਾਂ 'ਤੇ ਖਰਚਦੇ ਹਨ, ਚਾਰ ਸਾਲਾਂ ਵਿਚ 4400 ਕਰੋੜ ਰੁਪਏ ਇਸ਼ਤਿਹਾਰਾਂ 'ਤੇ ਖਰਚਿਆ, ਇਸੇ ਪੈਸੇ ਨਾਲ ਗਰੀਬਾਂ ਨੂੰ ਆਟਾ-ਦਾਲ ਤੇ ਸ਼ਗਨ ਸਕੀਮਾਂ ਦਿੱਤੀਆਂ ਜਾ ਸਕਦੀਆਂ ਸਨ। ਸੁਖਬੀਰ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਸ਼ਰਾਬ ਵਿਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਤੇ ਹੁਣ ਇਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਦੁਬਾਰਾ ਸੱਤਾ ਵਿਚ ਨਹੀਂ ਆ ਸਕਦੇ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਲੁੱਟਣ 'ਤੇ ਜ਼ੋਰ ਦਿੱਤਾ ਹੋਇਆ ਹੈ। ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਸਰਕਾਰੀ ਜਾਇਦਾਦਾਂ ਨੂੰ ਅੱਧੇ ਮੁੱਲ 'ਤੇ ਦਿੱਲੀ ਦੇ ਬਿਲਡਰਾਂ ਨੂੰ ਵੇਚ ਰਹੇ ਹਨ। ਉਨ੍ਹਾਂ ਨੇ ਇਹ ਜਾਇਦਾਦਾਂ ਖਰੀਦਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਆਉਣ 'ਤੇ ਇਨ੍ਹਾਂ ਨਿਲਾਮੀਆਂ ਨੂੰ ਨਾ ਸਿਰਫ਼ ਰੱਦ ਕੀਤਾ ਜਾਵੇਗਾ, ਸਗੋਂ ਜਾਂਚ ਕਰਵਾ ਕੇ ਇਸ ਲੁੱਟ ਵਿਚ ਸ਼ਾਮਲ 'ਲੁਟੇਰਿਆਂ' ਤੇ ਅਫ਼ਸਰਾਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਵੇਗੀ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗੈਂਗਸਟਰਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਸਫਾਇਆ ਕੀਤੇ ਬਗੈਰ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ, ਇਸ ਲਈ ਪੰਜਾਬ ਨੂੰ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੁੰਡਾਗਰਦੀ ਤੇ ਗੈਂਗਸਟਰਾਂ ਦਾ ਰਾਜ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਨਸ਼ਿਆਂ ਦੀ ਕਮਾਈ ਦੇ ਪੈਸੇ ਵਿਚੋਂ ਹਰ ਮਹੀਨੇ ਲੱਖਾਂ ਰੁਪਏ ਹਿੱਸਾ ਜਾਂਦਾ ਹੈ, ਇਸ ਲਈ ਉਹ ਪੁਲਸ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰਨ ਦਿੰਦੇ। ਇਸੇ ਲਈ ਅੱਜ ਪੰਜਾਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਸਿਰਫ਼ ਰਾਜ ਕਰਨ ਅਤੇ ਲੁੱਟਣ ਆਉਂਦੀਆਂ ਹਨ, ਉੱਥੇ ਹੀ ਖੇਤਰੀ ਪਾਰਟੀ ਤੁਹਾਡੀ ਲੜਾਈ ਲੜਣ ਲਈ ਆਉਂਦੀ ਹੈ। ਇਸ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।
Punjab: 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, 5 ਭੈਣਾਂ ਦਾ ਸੀ ਇਕਲੌਤਾ ਭਰਾ
NEXT STORY