ਲੁਧਿਆਣਾ (ਰਾਜ): ਸਲੇਮ ਟਾਬਰੀ ਇਲਾਕੇ ਵਿਚ 9 ਸਾਲ ਦੇ ਮਾਸੂਮ ਅਮਨ ਦੀ ਗਲਾ ਵੱਢ ਕੇ ਹੋਈ ਸਨਸਨੀਖੇਜ਼ ਹੱਤਿਆ ਦੇ ਮਾਮਲੇ ਵਿਚ ਹੁਣ ਪੁਲਸ ਨੇ ਹਾਰ ਮੰਨ ਕੇ ਜਨਤਾ ਦੀ ਅਦਾਲਤ ਵਿਚ ਗੁਹਾਰ ਲਗਾਈ ਹੈ। ਕਰੀਬ 41 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਸ਼ਾਤਰ ਕਾਤਲ ਅਜੈ ਪੁਲਸ ਦੀ ਗ੍ਰਿਫ਼ਤ ਵਿਚ ਨਹੀਂ ਆਇਆ, ਤਾਂ ਹੁਣ ਵਿਭਾਗ ਨੇ ਉਸ ਦੀ ਸੂਚਨਾ ਦੇਣ ਵਾਲੇ ਲਈ 20 ਹਜ਼ਾਰ ਰੁਪਏ ਦੇ ਨਕਦ ਇਨਾਮ ਦਾ ਐਲਾਨ ਕਰ ਦਿੱਤਾ ਹੈ।
ਪੁਲਸ ਦਾ ਇਹ ਕਦਮ ਸਾਫ਼ ਦਰਸਾਉਂਦਾ ਹੈ ਕਿ ਆਧੁਨਿਕ ਤਕਨੀਕ ਅਤੇ ਸੀ.ਸੀ.ਟੀ.ਵੀ. ਫੁਟੇਜ ਹੋਣ ਦੇ ਬਾਵਜੂਦ ਕਾਸਾਬਾਦ ਦਾ ਰਹਿਣ ਵਾਲਾ ਇਹ ਕਾਤਲ ਪੁਲਸ ਦੀਆਂ ਤਮਾਮ ਰਣਨੀਤੀਆਂ ਨੂੰ ਫੇਲ੍ਹ ਕਰ ਚੁੱਕਾ ਹੈ। ਸ਼ਹਿਰ ਦੇ ਮੁੱਖ ਚੌਕਾਂ ਅਤੇ ਜਨਤਕ ਥਾਵਾਂ 'ਤੇ ਮੁਲਜ਼ਮ ਦੇ ਪੋਸਟਰ ਵੀ ਨਾਮ-ਮਾਤਰ ਦੇ ਹੀ ਲਗਾਏ ਗਏ ਹਨ, ਜਿਸ ਨਾਲ ਜਨਤਾ ਵਿਚ ਪੁਲਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਮਾਸੂਮ ਅਮਨ ਦੇ ਮਾਮਾ ਯੋਗੇਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਚ ਪੁਲਿਸ ਦੀ ਇਸ ਕੱਛੂਕੁੰਮੇ ਵਾਲੀ ਚਾਲ ਨੂੰ ਲੈ ਕੇ ਭਾਰੀ ਰੋਸ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਕੋਲ ਕਾਤਲ ਦੀ ਪਛਾਣ ਹੈ, ਉਸ ਦੇ ਪੈਰ ਦੀ ਖਰਾਬੀ ਦਾ ਸੁਰਾਗ ਹੈ ਅਤੇ ਸੀ.ਸੀ.ਟੀ.ਵੀ. ਵਿਚ ਉਹ ਨੀਲੇ ਰੰਗ ਦੀ ਟੋਪੀ ਪਹਿਨੇ ਸਾਫ਼ ਦਿਖਾਈ ਦੇ ਰਿਹਾ ਹੈ, ਫਿਰ ਵੀ ਖਾਕੀ ਉਸ ਨੂੰ ਲੱਭਣ ਵਿਚ ਨਾਕਾਮ ਰਹੀ ਹੈ।
ਪੁਲਸ ਅਧਿਕਾਰੀਆਂ ਦਾ ਤਰਕ ਹੈ ਕਿ ਮੁਲਜ਼ਮ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰ ਰਿਹਾ, ਜਿਸ ਨਾਲ ਉਸ ਦੀ ਲੋਕੇਸ਼ਨ ਟਰੇਸ ਕਰਨਾ ਟੇਢੀ ਖੀਰ ਸਾਬਤ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੁਲਸ ਕੇਵਲ ਦੂਜੇ ਸੂਬਿਆਂ ਵਿੱਚ ਛਾਪੇਮਾਰੀ ਕਰਨ ਦਾ ਬਹਾਨਾ ਬਣਾ ਰਹੀ ਹੈ, ਜਦੋਂ ਕਿ ਹਕੀਕਤ ਵਿੱਚ ਜ਼ਮੀਨ 'ਤੇ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆਉਂਦੀ। ਮਾਸੂਮ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਹੁਣ ਸਿਰਫ਼ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਦੇ ਪੁੱਤਰ ਦਾ ਕਾਤਲ ਸਲਾਖਾਂ ਪਿੱਛੇ ਹੋਵੇਗਾ। ਪੁਲਸ ਪ੍ਰਸ਼ਾਸਨ ਨੇ ਹੁਣ ਉਮੀਦ ਜਤਾਈ ਹੈ ਕਿ 20 ਹਜ਼ਾਰ ਦੇ ਇਸ ਇਨਾਮ ਦੇ ਲਾਲਚ ਵਿਚ ਸ਼ਾਇਦ ਕੋਈ ਮੁਖ਼ਬਰ ਜਾਂ ਆਮ ਨਾਗਰਿਕ ਮੁਲਜ਼ਮ ਦਾ ਸੁਰਾਗ ਦੇ ਸਕੇ, ਜੋ ਸ਼ਰੇਆਮ ਕਾਨੂੰਨ ਦਾ ਮਜ਼ਾਕ ਉਡਾ ਰਿਹਾ ਹੈ। ਸਲੇਮ ਟਾਬਰੀ ਪੁਲਸ ਦਾ ਕਹਿਣਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ, ਪਰ ਸਵਾਲ ਉਹੀ ਬਰਕਰਾਰ ਹੈ ਕਿ ਕੀ ਮਹਿਜ਼ ਇਨਾਮ ਰੱਖ ਦੇਣ ਨਾਲ ਕਾਤਲ ਖੁਦ-ਬ-ਖੁਦ ਸਾਹਮਣੇ ਆ ਜਾਵੇਗਾ?
'ਆਪ' ਸਰਕਾਰ ਦੀ ਵਾਅਦਾਖ਼ਿਲਾਫ਼ੀ ਤੋਂ ਦੁਖੀ ਅਧਿਆਪਕਾਂ ਵੱਲੋਂ ਮੰਤਰੀ ਮਹਿੰਦਰ ਭਗਤ ਦਾ ਘਰ ਘੇਰਣ ਦਾ ਐਲਾਨ
NEXT STORY