ਚੰਡੀਗੜ੍ਹ : ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ-ਪੱਖੀ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 7.4 ਫ਼ੀਸਦੀ ਜੀ. ਡੀ. ਪੀ. ਵਿਕਾਸ ਦਰ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅੱਜ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪੀ. ਐੱਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਦੇਸ਼ ਭਰ ਦੇ ਇੱਕ ਕਰੋੜ ਘਰਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਯੋਜਨਾ ਤਹਿਤ ਲੱਖਾਂ ਘਰ ਪਹਿਲਾਂ ਹੀ ਸੋਲਰ ਊਰਜਾ ਨਾਲ ਜੁੜ ਚੁੱਕੇ ਹਨ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੀ. ਐੱਮ. ਵਿਸ਼ਵਕਰਮਾ ਯੋਜਨਾ ਰਾਹੀਂ ਕਾਰੀਗਰਾਂ ਅਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਡਿਜੀ ਯਾਤਰਾ ਵਰਗੀ ਪਹਿਲ ਨੇ ਹਵਾਈ ਯਾਤਰਾ ਨੂੰ ਕਾਗਜ਼ ਰਹਿਤ ਅਤੇ ਆਸਾਨ ਬਣਾਇਆ ਹੈ, ਜਿਸ ਨਾਲ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ, ਪੀ. ਐੱਮ. ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਅਤੇ ਪੀ. ਐੱਮ. ਈ-ਡਰਾਈਵ ਸਕੀਮ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ 'ਚ ਰੁਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਰੇਹੜੀ-ਫੜ੍ਹੀ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਯੋਜਨਾ ਤਹਿਤ ਲੱਖਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਗਾਰੰਟੀ ਕਰਜ਼ੇ ਦੀ ਸਹੂਲਤ ਮਿਲੀ ਹੈ, ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਆਤਮ ਨਿਰਭਰ ਬਣਨ 'ਚ ਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ 'ਚ ਭਾਰਤ ਨੇ ਹਰ ਖੇਤਰ 'ਚ ਇਤਿਹਾਸਕ ਤਰੱਕੀ ਕੀਤੀ ਹੈ ਅਤੇ ਅੱਜ ਦੁਨੀਆ ਭਾਰਤ ਨੂੰ ਇੱਕ ਮਜ਼ਬੂਤ ਆਰਥਿਕ ਅਤੇ ਰਣਨੀਤਕ ਸ਼ਕਤੀ ਵਜੋਂ ਦੇਖ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਪੂਰਾ ਕਰੇਗਾ।
ਪੰਜਾਬ 'ਚ ਭਲਕੇ ਬਦਲ ਸਕਦਾ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਵੱਡੀ ਅਪਡੇਟ
NEXT STORY