ਅੰਮ੍ਰਿਤਸਰ : ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਕਾਲੀ ਦਲ ਬਾਦਲ 'ਚ ਮੁੜ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਾਦਲ ਧੜੇ 'ਚ ਨਹੀਂ ਜਾਣਗੇ ਸਗੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਹੀ ਜੁੜੇ ਰਹਿਣਗੇ। ਉਨ੍ਹਾਂ ਅਕਾਲੀ ਦਲ 'ਚ ਮੁੜ ਵਾਪਸੀ ਦੀ ਚਰਚਾ ਨੂੰ ਰੱਦ ਕੀਤਾ ਹੈ। ਦਰਅਸਲ ਪਿਛਲੇ ਕੁਝ ਦਿਨ ਤੋਂ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਮੁੜ ਘਰ ਵਾਪਸੀ ਕਰ ਰਹੇ ਹਨ ਅਤੇ 13 ਫਰਵਰੀ ਨੂੰ ਹੋਣ ਵਾਲੀ ਰੈਲੀ ਸਮੇਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਇਸ ਸਬੰਧ ਵਿਚ ਅੱਜ ਬੋਨੀ ਅਜਨਾਲਾ ਨੇ ਦਾਅਵਾ ਕੀਤਾ ਕਿ ਉਹ ਅਕਾਲੀ ਦਲ ਟਕਸਾਲੀ ਨਾਲ ਜੁੜੇ ਹਨ ਅਤੇ ਜੁੜੇ ਰਹਿਣਗੇ। ਇਸ ਸਬੰਧੀ ਚਲ ਰਹੀ ਚਰਚਾ ਨੂੰ ਅਫਵਾਹ ਅਤੇ ਮੀਡੀਆ ਦੀ ਉਪਜ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ।
ਇਸ ਦੌਰਾਨ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਉਨ੍ਹਾਂ ਦੀ ਇਸ ਮਾਮਲੇ ਵਿਚ ਬੋਨੀ ਅਜਨਾਲਾ ਨਾਲ ਗੱਲਬਾਤ ਨਹੀਂ ਹੋਈ ਪਰ ਉਸ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਸਾਬਕਾ ਸੰਸਦ ਮੈਂਬਰ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਜਲੰਧਰ ਵਿਚ ਮੀਟਿੰਗ ਵੀ ਰੱਖੀ ਗਈ ਹੈ। ਇਸ ਮੀਟਿੰਗ ਵਿਚ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਣਗੇ।
ਭਾਵੇਂ ਬੋਨੀ ਅਜਨਾਲਾ ਨੇ ਇਸ ਚਰਚਾ ਨੂੰ ਅਫਵਾਹ ਦੱਸਦਿਆਂ ਮਸਲੇ ਨੂੰ ਖਤਮ ਕਰਨ ਦਾ ਯਤਨ ਕੀਤਾ ਹੈ ਪਰ ਸਿਆਸੀ ਹਲਕਿਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਹਲਕਿਆਂ ਵਿਚ ਵੀ 13 ਫਰਵਰੀ ਨੂੰ ਹੋਣ ਵਾਲੀ ਰੈਲੀ ਸਮੇਂ ਉਸ ਦੀ ਘਰ ਵਾਪਸੀ ਦੀ ਚਰਚਾ ਚਲ ਰਹੀ ਹੈ। ਇਥੇ ਬੀਤੇ ਦਿਨ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਸਵਾਲ ਦੇ ਜਵਾਬ ਵਿਚ ਆਖਿਆ ਸੀ ਕਿ ਜੇ ਕੋਈ ਪਾਰਟੀ ਨੀਤੀਆਂ ਦਾ ਸਮਰਥਨ ਕਰਦਿਆਂ ਘਰ ਵਾਪਸੀ ਕਰਦਾ ਹੈ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਾਰਟੀ ਛੱਡ ਕੇ ਗਏ ਕਈ ਆਗੂ ਅਗਲੇ ਦਿਨਾਂ ਵਿਚ ਘਰ ਵਾਪਸੀ ਕਰਨਗੇ।
ਪੈਰ ਫਿਸਲਣ ਕਾਰਨ ਡਿੱਗੇ ਸੁਖਬੀਰ ਬਾਦਲ, ਪੈਰ ਦੀ ਉਂਗਲ ਫ੍ਰੈਕਚਰ
NEXT STORY