ਅੰਮ੍ਰਿਤਸਰ (ਇੰਦਰਜੀਤ) : ਭਾਰਤ 'ਚ ਸਮੱਗਲਿੰਗ ਰਾਹੀਂ ਆਉਣ ਵਾਲੀ ਵਿਦੇਸ਼ੀ ਸਿਗਰਟ ਸਰਕਾਰ ਨੂੰ ਕਰੋੜਾਂ ਰੁਪਏ ਦਾ ਪ੍ਰਤੀ ਸਾਲ ਨੁਕਸਾਨ ਪਹੁੰਚਾ ਰਹੀ ਹੈ, ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਨੂੰ ਮਿਲਣ ਵਾਲੇ ਸੈੱਸ ਤੇ ਸੂਬਾ ਸਰਕਾਰ ਨੂੰ 28 ਫ਼ੀਸਦੀ ਵੈਟ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰੀ ਪੱਧਰ 'ਤੇ ਮਿਲੇ ਅੰਕੜਿਆਂ ਮੁਤਾਬਿਕ 28 ਹਜ਼ਾਰ ਕਰੋੜ ਪ੍ਰਤੀ ਸਾਲ ਭਾਰਤ ਸਰਕਾਰ ਨੂੰ ਸਿਗਰਟ ਦੇ ਵਪਾਰ ਤੋਂ ਟੈਕਸ ਮਿਲ ਰਿਹਾ ਹੈ। ਇਸ ਵਿਚ ਵੱਡੀ ਗੱਲ ਹੈ ਕਿ ਰਾਸ਼ਟਰੀ ਅੰਕੜਿਆਂ ਮੁਤਾਬਿਕ 9 ਹਜ਼ਾਰ ਕਰੋੜ ਰੁਪਏ ਵਿਦੇਸ਼ੀ ਸਿਗਰਟ ਤੋਂ ਭਾਰਤ ਨੂੰ ਨੁਕਸਾਨ ਹੋ ਰਿਹਾ ਹੈ। ਕੇਂਦਰੀ ਏਜੰਸੀਆਂ ਮੁਤਾਬਿਕ ਪਿਛਲੇ 3 ਸਾਲਾਂ 'ਚ ਵਿਦੇਸ਼ੀ ਸਿਗਰਟ ਦੀ ਆਮਦ ਗ਼ੈਰ-ਕਾਨੂੰਨੀ ਤੌਰ 'ਤੇ 300 ਫੀਸਦੀ ਵੱਧ ਚੁੱਕੀ ਹੈ। ਪੰਜਾਬ ਦਾ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਗ਼ੈਰ-ਕਾਨੂੰਨੀ ਤੌਰ 'ਤੇ ਸਿਗਰਟ ਦੀ ਸਮੱਗਲਿੰਗ 'ਤੇ ਆਪਣੇ ਸਖਤ ਕਦਮ ਉਠਾ ਰਿਹਾ ਹੈ। ਇਸ ਗੱਲ ਦੇ ਸੰਕੇਤ ਬੀਤੇ ਦਿਨੀਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਚੀਫ ਕਮਿਸ਼ਨਰ-ਕਮ-ਵਿੱਤ ਸਕੱਤਰ ਰੈਵੇਨਿਊ ਐੱਮ. ਪੀ. ਸਿੰਘ ਨੇ ਦਿੱਤੇ ਸਨ।
ਵੱਧ ਰਿਹਾ ਹੈ ਵਿਦੇਸ਼ੀ ਸਿਗਰਟ ਦਾ ਕ੍ਰੇਜ਼
ਮਾਰਕੀਟ 'ਚ ਸਿਗਰਟ ਦੇ ਖਪਤਕਾਰ ਮਹਿੰਗੀ ਵਿਦੇਸ਼ੀ ਸਿਗਰਟ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਇਹ ਸਿਗਰਟ ਭਾਰਤ ਦੀ ਸਿਗਰਟ ਦੇ ਮੁਕਾਬਲੇ ਸਸਤੀ ਹੈ ਪਰ ਇਸ ਨੂੰ ਪ੍ਰਚੂਨ ਵਿਚ ਮਹਿੰਗੇ ਮੁੱਲ 'ਚ ਵੇਚਿਆ ਜਾ ਰਿਹਾ ਹੈ ਕਿਉਂਕਿ ਭਾਰਤ ਦੇ ਸਿਗਰਟ ਉਦਯੋਗ 'ਤੇ 107 ਫ਼ੀਸਦੀ ਤੋਂ 117 ਫ਼ੀਸਦੀ ਸੈੱਸ ਦੀ ਧਾਰਾ ਹੈ, ਜਦੋਂ ਕਿ ਸੂਬਾ ਸਰਕਾਰ ਇਸ 'ਤੇ ਵੱਖ ਟੈਕਸ ਲੈਂਦੀ ਹੈ। ਦੂਜੇ ਪਾਸੇ ਸਮੱਗਲਿੰਗ ਤੋਂ ਆਈ ਸਿਗਰਟ 'ਤੇ ਨਾ ਤਾਂ ਕੋਈ ਲੋਕਲ ਟੈਕਸ ਲੱਗਦਾ ਹੈ, ਨਾ ਕੇਂਦਰੀ। ਸਿਰਫ ਪੰਜਾਬ ਵਿਚ ਸਿਗਰਟ ਦੇ ਵਪਾਰ ਨਾਲ ਸਰਕਾਰ ਨੂੰ 400 ਕਰੋੜ ਤੋਂ ਵੱਧ ਰੈਵੇਨਿਊ ਪ੍ਰਤੀ ਸਾਲ ਮਿਲਦਾ ਹੈ ਅਤੇ ਜੇਕਰ ਵਿਦੇਸ਼ੀ ਸਿਗਰਟ ਦਾ ਪੰਜਾਬ 'ਚ ਸਮੱਗਲਿੰਗ ਰਾਹੀਂ ਆਉਣਾ ਬੰਦ ਕਰ ਦਿੱਤਾ ਜਾਵੇ ਤਾਂ ਇਹ ਆਮਦਨੀ 30 ਫ਼ੀਸਦੀ ਹੋਰ ਵੱਧ ਸਕਦੀ ਹੈ। ਮਾਰਕੀਟ 'ਚ ਵਿਦੇਸ਼ੀ ਬ੍ਰਾਂਡ ਦੀ ਸਿਗਰਟ ਦੀ ਕੀਮਤ 15 ਤੋਂ 25 ਰੁਪਏ ਤੱਕ ਹੈ ਤੇ ਅਮੀਰ ਲੋਕ ਹੀ ਇਸ ਦੇ ਗਾਹਕ ਹਨ, ਜਦੋਂ ਕਿ ਇਸ ਵਿਦੇਸ਼ੀ ਸਿਗਰਟ ਦੀ ਕੁਆਲਿਟੀ ਭਾਰਤੀ ਸਿਗਰਟ ਦੇ ਮੁਕਾਬਲੇ ਘਟੀਆ ਹੈ। ਟੈਕਸ ਦੇ ਨੁਕਸਾਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਵਿਦੇਸ਼ੀ ਸਿਗਰਟ ਦੀ ਵਿਕਰੀ ਨਾਲ ਥੋਕ ਤੇ ਪ੍ਰਚੂਨ ਵਿਕਰੇਤਾਵਾਂ ਨੂੰ ਦੇਸੀ ਸਿਗਰਟ ਦੇ ਮੁਕਾਬਲੇ 6 ਤੋਂ 10 ਗੁਣਾ ਵੱਧ ਲਾਭ ਮਿਲਦਾ ਹੈ, ਜਦੋਂ ਕਿ ਸਮੱਗਲਿੰਗ ਰਾਹੀਂ ਆਉਣ ਵਾਲੀ ਇਸ ਸਿਗਰਟ ਦੇ ਵੱਡੇ ਆਯਾਤਕਾਂ ਤੇ ਧੰਦੇਬਾਜ਼ਾਂ ਦੇ ਲਾਭ ਦਾ ਕੋਈ ਹਿਸਾਬ ਹੀ ਨਹੀਂ।
ਤੇਜ਼ੀ ਨਾਲ ਵੱਧ ਰਿਹੈ ਸਿਗਰਟ ਦਾ ਉਤਪਾਦਨ
ਹੁੱਕੇ ਤੋਂ ਬਾਅਦ ਸਿਗਰਟ ਨੇ ਹੌਲੀ-ਹੌਲੀ ਤੰਬਾਕੂਨੋਸ਼ੀ ਦਾ ਵਿਕਲਪ ਲੈਣਾ ਸ਼ੁਰੂ ਕਰ ਦਿੱਤਾ ਹੈ। ਵਰਤਮਾਨ 'ਚ ਸਿਗਰਟ ਬਣਾਉਣ ਵਾਲੀ ਮਸ਼ੀਨ 1 ਲੱਖ 20 ਹਜ਼ਾਰ ਸਟਿਕ ਸਿਗਰਟ ਪ੍ਰਤੀ ਦਿਨ ਬਣਾਉਂਦੀ ਹੈ, ਜਦੋਂ ਕਿ ਸੰਸਾਰ ਵਿਚ ਕਈ ਦੇਸ਼ਾਂ ਨੇ ਅਜਿਹੀਆਂ ਮਸ਼ੀਨਾਂ ਵਿਕਸਿਤ ਕਰ ਲਈਆਂ ਹਨ, ਜੋ 1 ਮਿੰਟ 'ਚ 9 ਹਜ਼ਾਰ ਸਿਗਰਟਾਂ ਦਾ ਉਤਪਾਦਨ ਕਰਦੀਆਂ ਹਨ।
'ਮਜੀਠੀਆ ਬਾਕੀ ਕਿਸਾਨਾਂ ਦਾ ਵੀ ਕਰੇ ਕਰਜ਼ਾ ਮੁਆਫ' (ਵੀਡੀਓ)
NEXT STORY